
ਸੰਗਰੂਰ 9 ਦਸੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼ )
ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਨਾਮਦੇਵ ਭੁਟਾਲ ਦੀ ਦੂਜੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਭੁਟਾਲ ਕਲਾਂ ਵਿਖੇ ਮਨਾਈ ਗਈ ਜਿਸ ਵਿੱਚ ਇਲਾਕੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਹਾਜ਼ਰ ਸੈਂਕੜੇ ਲੋਕਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਨੂੂੰ ਅੰਨ੍ਹੇ ਕਾਰਪੋਰੇਟ ਵਿਕਾਸ ਦੀ ਧੁੱਸ ਵਿੱਚ ਲੋਕਾਂ ਦੇ ਜਮਹੂਰੀ ਹੱਕਾਂ ਨੂੂੰ ਕੁਚਲਣ ਤੋਂ ਆਪਣੇ ਨਾਪਾਕ ਹੱਥ ਪਰਾਂ ਰੱਖਣ ਦੀ ਚਿਤਾਵਨੀ ਦਿੱਤੀ ਗਈ।
ਬਰਸੀ ਸਮਾਗਮ ਨੂੂੰ ਸੰਬੋਧਨ ਕਰਦੇ ਹੋਏ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਮੰਡੀ ਕਲਾਂ ਨੇ ਸਾਥੀ ਨਾਮਦੇਵ ਭੁਟਾਲ ਨੇ ਆਪਣੀ ਜ਼ਿੰਦਗੀ ਦੇ ਪੰਜ ਦਹਾਕੇ ਮਿਹਨਤਕਸ਼ ਲੋਕਾਂ ਦੇ ਹੱਕੀ ਘੋਲਾਂ ਅਤੇ ਜਮਹੂਰੀ ਹੱਕਾਂ ਦੀ ਰਾਖੀ ਦੇ ਲੇਖੇ ਲਾਏ ਅਤੇ ਸਦਾ ਮੋਹਰੀ ਰੋਲ ਨਿਭਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਲੋਕਾਂ ਦੇ ਜਮਹੂਰੀ ਹੱਕ ਗੰਭੀਰ ਖ਼ਤਰੇ ਦੀ ਮਾਰ ਹੇਠ ਹਨ। ਕੇਂਦਰ ਦੀ ਮੋਦੀ ਸਰਕਾਰ ਅੰਨ੍ਹੇ ਕਾਰਪੋਰੇਟ ਵਿਕਾਸ ਅਤੇ ਅਡਾਨੀ- ਅੰਬਾਨੀ ਵਰਗੇ ਚਹੇਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਨਾ ਸਿਰਫ਼ ਜਲ, ਜੰਗਲ ਤੇ ਜ਼ਮੀਨ ਤੋਂ ਆਦਿਵਾਸੀਆਂ ਤੇ ਕਿਸਾਨਾਂ ਨੂੰ ਉਜਾੜ ਰਹੀ ਹੈ ਸਗੋਂ ਇੰਝ ਕਰਕੇ ਦੇਸ਼ ਦੇ ਵਾਤਾਵਰਨ ਨੂੰ ਵੀ ਇਸ ਕਦਰ ਪਲੀਤ ਕਰ ਰਹੀ ਹੈ ਕਿ ਲੋਕਾਂ ਨੂੰ ਸਾਹ ਲੈਣਾ ਵੀ ਦੁੱਭਰ ਹੋ ਰਿਹਾ ਹੈ। ਉਨ੍ਹਾਂ ਅਪਰੇਸ਼ਨ ਕਗਾਰ ਤੁਰਤ ਬੰਦ ਕਰਨ ਅਤੇ ਝੂਠੇ ਪੁਲਸ ਮੁਕਾਬਲੇ ਬੰਦ ਕਰਨ ਦੀ ਮੰਗ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਇਨਕਲਾਬੀ ਕੇਂਦਰ ਦੇ ਆਗੂ ਨਰੈਣ ਦੱਤ, ਬੀ ਕੇ ਯੂ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਪਟਿਆਲਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਬਲਵਿੰਦਰ ਜਲੂਰ ਨੇ ਕਿਹਾ ਕਿ ਨਾਮਦੇਵ ਭੁਟਾਲ ਨੂੰ ਯਾਦ ਕਰਨ ਦਾ ਅਰਥ ਹੈ ਅੱਜ ਦੇ ਸਮੇਂ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਖੋਹੇ ਜਾ ਰਹੇ ਬੁਨਿਆਦੀ ਹੱਕਾਂ ਦੀ ਰਾਖੀ ਲਈ ਸੰਘਰਸ਼ ਵਿੱਚ ਡਟ ਕੇ ਲੋਕਾਂ ਦਾ ਸਾਥ ਦੇਣਾ। ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਵੇਚਣ, ਰੋਡਵੇਜ਼ ਤੇ ਬਿਜਲੀ ਵਿਭਾਗ ਦਾ ਭੋਗ ਪਾਉਣ ਦੀ ਨੀਤੀ ਅਤੇ ਨਿੱਤ ਰੋਜ਼ ਬੇਰੁਜ਼ਗਾਰਾਂ ਤੇ ਮੁਲਾਜ਼ਮਾਂ ਤੇ ਪੁਲਸ ਜਬਰ ਬੰਦ ਕਰਨ ਦੀ ਮੰਗ ਕੀਤੀ। ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਕਾਮਰੇਡ ਬਸ਼ੇਸ਼ਰ, ਗਗਨਦੀਪ ਸਿੰਘ ਖੰਡੇਬਾਦ ਨੇ ਕਿਹਾ ਕਿ ਨਾਮਦੇਵ ਸੱਚੇ ਅਰਥਾਂ ਵਿੱਚ ਲੋਕਾਂ ਦਾ ਹਰਮਨ ਪਿਆਰਾ ਆਗੂ ਸੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਨਕ ਸਿੰਘ ਭੁਟਾਲ, ਬੀ ਕੇ ਯੂ ਰਾਜੇਵਾਲ ਦੇ ਹਰਵਿੰਦਰ ਸਿੰਘ ਲਦਾਲ, ਪੰਜ਼ਾਬ ਕਿਸਾਨ ਯੂਨੀਅਨ ਦੇ ਬਲਵੀਰ ਜਲੂਰ, ਵਿਧੂ ਸ਼ੇਖਰ ਭਾਰਦਵਾਜ, ਮੰਚ ਦੇ ਸਕੱਤਰ ਹਰਭਗਵਾਨ ਸਿੰਘ ਗੁਰਨੇ, ਮਾਸਟਰ ਹੰਸ ਰਾਜ ਖਨੌਰੀ, ਭੀਮ ਮੰਡੇਰ, ਐਡਵੋਕੇਟ ਹਰੀਭਗਵਾਨ ਜੌਹਰ, ਡਾ ਅਵਤਾਰ ਸਿੰਘ ਢੀਂਡਸਾ, ਗੁਰਬਖਸ਼ੀਸ਼ ਬਰਾੜ, ਕੁਲਦੀਪ ਸਿੰਘ ਸੰਗਰੂਰ, ਅਮਰੀਕ ਖੋਖਰ, ਗੁਰਸੰਤ ਸਿੰਘ ਭੁਟਾਲ, ਪ੍ਰਵੀਨ ਖੋਖਰ, ਲਛਮਣ ਅਲੀਸ਼ੇਰ, ਸ਼ੇਰ ਸਿੰਘ ਛਾਜਲੀ, ਜਸਵੀਰ ਲਾਡੀ ਵੀ ਹਾਜ਼ਰ ਸਨ। ਲੋਕ ਗਾਇਕ ਅਜਮੇਰ ਅਕਲੀਆ, ਜਗਦੀਸ਼ ਪਾਪੜਾ, ਤਾਰਾ ਸਿੰਘ ਛਾਜਲੀ ਤੇ ਗੁਰਪਿਆਰ ਸਿੰਘ ਕਲਵੰਜਰਾ ਨੇ ਇਨਕਲਾਬੀ ਗੀਤ ਗਾਏ। ਅੰਤ ਵਿੱਚ ਮਰਹੂਮ ਸਾਥੀ ਨਾਮਦੇਵ ਦੇ ਬੇਟੇ ਦਿਲਪ੍ਰੀਤ ਦੀਪੀ ਅਤੇ ਮੰਚ ਸੰਚਾਲਕ ਮਾਸਟਰ ਰਘਬੀਰ ਭੁਟਾਲ ਨੇ ਸਭ ਦਾ ਧੰਨਵਾਦ ਕਰਦਿਆਂ ਸਾਥੀ ਨਾਮਦੇਵ ਭੁਟਾਲ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਯਕੀਨ ਦਿਵਾਇਆ।
