ਛੋਟੇ ਕਿਸਾਨਾਂ ਲਈ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸਹਿਕਾਰੀ ਸਭਾਵਾਂ ’ਚ 644 ਖੇਤੀ ਮਸ਼ੀਨਾਂ ਉਪਲਬਧ : ਅਮਰੀਕ ਸਿੰਘ
ਫਰੀਦਕੋਟ, 30 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਦੁਨੀਆਂ ਦੀ ਨੰਬਰ ਇਕ ਸਹਿਕਾਰੀ ਖਾਦ ਸੰਸਥਾ ਇਫਕੋ ਵੱਲੋਂ ਜਿਲ੍ਹਾ ਫਰੀਦਕੋਟ ਵਿਖੇ ਇੱਕ ਵਿਕਰੀ ਕੇਂਦਰ ਕਰਮਚਾਰੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਜਿਸ ’ਚ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਮੁੱਖ ਮਹਿਮਾਨ ਅਤੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਜਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ’ਚ ਸਹਿਕਾਰੀ ਸਭਾਵਾਂ ਦੇ ਸਮੂਹ ਸਕੱਤਰ ਸ਼ਾਮਿਲ ਹੋਏ ਅਤੇ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ, ਨੈਨੋ ਯੂਰੀਆ ਅਤੇ ਡੀ.ਏ.ਪੀ. ਦੀ ਵਿਕਰੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿੱਚ ਹਾਜਰ ਸਕੱਤਰ ਸਹਿਕਾਰੀ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਜਿਲਾ ਪ੍ਰਸਾਸ਼ਨ ਵਲੋਂ ਜਿਲੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜੀਰੋ ਪੱਧਰ ’ਤੇ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਹਰ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 80 ਫੀਸਦੀ ਸਬਸਿਡੀ ਤੇ ਸਹਿਕਾਰੀ ਸਭਾਵਾਂ ਨੂੰ ਉਪਲਬਧ ਕਰਵਾਈ ਗਈ ਮਸ਼ੀਨਰੀ ਹਰ ਹਾਲਤ ਵਿੱਚ ਚਾਲੂ ਹਾਲਤ ’ਚ ਹੋਣੀ ਚਾਹੀਦੀ ਹੈ ਤਾਂ ਜੋ ਇਨਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਕੀਤੇ ਫੈਸਲੇ ਮੁਤਾਬਿਕ ਛੋਟੇ ਕਿਸਾਨਾਂ ਵੱਲੋਂ ਖੇਤੀ ਮਸ਼ੀਨਰੀ ਵਰਤਣ ਦਾ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਮੂਹ ਸਭਾਵਾਂ ਵਿੱਚ ਖਾਦਾਂ ਮੰਗ ਅਨੁਸਾਰ ਉਪਲਬਧ ਕਰਵਾਈਆਂ ਜਾਣ। ਉਨ੍ਹਾਂ ਵਿਸਥਾਰ ’ਚ ਨੈਨੋ ਯੂਰੀਆ ਤੇ ਡੀਏਪੀ ਦੀ ਵਰਤੋਂ, ਫਾਇਦੇ ਅਤੇ ਉਹਨਾਂ ਦੀ ਗਲੋਬਲ ਸਿਨੈਰੀਓ ਬਾਰੇ ਜਿਕਰ ਕੀਤਾ।