ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਡੀਸ਼ਨਲ ਸੈਸ਼ਨ ਜੱਜ ਕਿਰਨ ਬਾਲਾ ਦੀ ਅਦਾਲਤ ਫਰੀਦਕੋਟ ਨੇ 8 ਸਾਲ ਪੁਰਾਣੇ ਇਰਾਦਾ ਕਤਲ ਕੇਸ ਦਾ ਨਿਪਟਾਰਾ ਕਰਦਿਆਂ ਨੇੜਲੇ ਪਿੰਡ ਹਰੀਨੌ ਦੇ ਇੱਕ ਵਿਅਕਤੀ ਖਿਲਾਫ ਪੁਖਤਾ ਸਬੂਤ ਨਾ ਮਿਲਣ ’ਤੇ ਬਰੀ ਕਰ ਦਿੱਤਾ ਹੈ, ਜਦਕਿ ਇਸ ਦੇ ਇੱਕ ਸਾਥੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ 10 ਸਾਲ ਦੀ ਕੈਦ ਅਤੇ 60 ਹਜਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ। ਸਫਾਈਕਰਤਾ ਰਾਜਪਾਲ ਸਿੰਘ ਦੇ ਵਕੀਲ ਅਮਿੱਤ ਮਿੱਤਲ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਜੈਤੋ ਦੀ ਪੁਲਿਸ ਨੇ ਇੱਕ ਵਿਅਕਤੀ ਦੇ ਬਿਆਨਾ ਦੇ ਆਧਾਰ ’ਤੇ 6 ਅਗਸਤ 2016 ਵਿੱਚ ਰਾਜਪਾਲ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਹਰੀਨੌ ਅਤੇ ਅਮਿ੍ਰਤਪਾਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਰੋੜੀਕਪੂਰਾ ਖਿਲਾਫ ਆਈ.ਪੀ.ਸੀ. ਦੀ ਧਾਰਾ 307 ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਮੁਕੱਦਮਾ ਦਰਜ ਕੀਤਾ ਸੀ, ਜਿਸ ’ਤੇ ਮਾਨਯੋਗ ਅਦਾਲਤ ਨੇ ਇਸ ਮਾਮਲੇ ਵਿੱਚ ਦੋਨੋ ਧਿਰਾਂ ਦੇ ਪੁਖਤਾ ਸਬੂਤ ਵੇਖਦਿਆਂ ਸਫਾਈਕਰਤਾ ਰਾਜਪਾਲ ਸਿੰਘ ਦੇ ਵਕੀਲ ਅਮਿੱਤ ਮਿੱਤਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਰਾਜਪਾਲ ਸਿੰਘ ਨੂੰ ਬਰੀ ਕਰ ਦਿੱਤਾ, ਜਦਕਿ ਮੁਲਜਮ ਅਮਿ੍ਰਤਪਾਲ ਸਿੰਘ ਨੂੰ ਇਰਾਦਾ ਕਤਲ ਵਿੱਚ 10 ਸਾਲ ਦੀ ਕੈਦ ਅਤੇ 50 ਹਜਾਰ ਰੁਪਏ ਜੁਰਮਾਨਾ ਅਤੇ ਅਸਲਾ ਐਕਟ ਵਿੱਚ 3 ਸਾਲ ਦੀ ਕੈਦ ਅਤੇ 10 ਹਜਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਸੁਣਾਇਆ ਹੈ, ਜੋ ਇਹ ਸਜਾਵਾਂ ਇਕੱਠੀਆਂ ਹੀ ਚੱਲਣਗੀਆਂ।