ਵਿਧਾਇਕ ਸੇਖੋਂ ਨੇ ਹਰੀ ਝੰਡੀ ਦਿਖਾ ਕੇ ਫਰੀਦਕੋਟ ਸਟੇਸ਼ਨ ਤੋਂ ਕੀਤਾ ਰਵਾਨਾ

ਫਰੀਦਕੋਟ, 10 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਇਲਾਵਾ ਚਾਰ ਹੋਰ ਰਾਜਾਂ ਨੂੰ ਸੁਪਰ ਫਾਸਟ ਰੇਲਗੱਡੀ ਦੀ ਸੌਗਾਤ ਦਿੱਤੀ ਗਈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰਾਨਸੀ ਵਿਖੇ ਚਾਰ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸੇ ਲੜੀ ਵਿੱਚ ਇੱਕ ਰੇਲਗੱਡੀ ਜਿਹੜੀ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਜਾਏਗੀ ਜੋ ਮਹਿਜ਼ 7 ਘੰਟਿਆਂ ਵਿੱਚ ਆਪਣਾ ਸਫਰ ਪੂਰਾ ਕਰੇਗੀ ਫਿਰੋਜ਼ਪੁਰ ਤੋਂ ਸ਼ੁਰੂ ਹੋਈ। ਜੋ ਰਸਤੇ ਵਿੱਚ ਫਰੀਦਕੋਟ ਸਟੇਸ਼ਨ ’ਤੇ ਰੁਕੀ, ਜਿੱਥੇ ਇੱਕ ਸਮਾਗਮ ਪਹਿਲਾਂ ਤੋਂ ਹੀ ਰੱਖਿਆ ਗਿਆ ਸੀ। ਇਸ ਸਮਾਗਮ ਦੀ ਅਗਵਾਈ ਰੇਲਵੇ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਭਾਜਪਾ ਦੇ ਜਿਲ੍ਹਾ ਜ਼ਿਲਾ ਪ੍ਰਧਾਨ ਗੌਰਵ ਕੱਕੜ ਅਤੇ ਭਾਜਪਾ ਆਗੂਆਂ ਵੱਲੋਂ ਕੀਤੀ ਗਈ। ਰੇਲਗੱਡੀ ਪੁੱਜਣ ’ਤੇ ਵਿਧਾਇਕ ਵੱਲੋਂ ਰੇਲਵੇ ਚਾਲਕਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਇਸ ਰੂਟ ਤੇ ਪਹਿਲਾਂ ਕਦੀ ਵੀ ਕੋਈ ਰੇਲਗੱਡੀ ਫਰੀਦਕੋਟ ਤੋਂ ਲੈ ਕੇ ਦਿੱਲੀ ਤੱਕ ਨਹੀਂ ਜਾ ਰਹੀ ਸੀ, ਕਿਉਂਕਿ ਇਸ ਇਲਾਕੇ ਦੇ ਲੋਕਾਂ ਦਾ ਜਿਆਦਾਤਰ ਵਾਹ ਵਾਸਤਾ ਪਟਿਆਲਾ ਨਾਲ ਪੈਂਦਾ ਸੀ ਜਿੱਥੇ ਬੱਸ ਯਾ ਪ੍ਰਾਈਵੇਟ ਵਹੀਕਲਾਂ ਜਰੀਏ ਹੀ ਸਫਰ ਕਰਨਾ ਪੈਂਦਾ ਸੀ। ਪਰ ਇਸ ਟਰੇਨ ਦੇ ਆਉਣ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਇਸ ਚੀਜ਼ ਦਾ ਲਾਭ ਮਿਲੇਗਾ ਉੱਥੇ ਹੀ ਇਸ ਰੂਟ ’ਤੇ ਜਿੱਥੇ ਕਦੀ ਪਹਿਲਾਂ ਰੇਲਗੱਡੀ ਨਹੀਂ ਚੱਲਦੀ ਸੀ ਉਸ ਟਰੇਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਘੱਟ ਖਰਚ ਚ ਆਪਣੀ ਮੰਜ਼ਿਲ ਤੱਕ ਪੁੱਜਿਆ ਜ਼ਾ ਸਕੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਲਈ ਉਹ ਧਨਵਾਦੀ ਹਨ ਨਾਲ ਹੀ ਫਰੀਦਕੋਟ ਤੋਂ ਦਿੱਲੀ ਜਾਣ ਵਾਲੀਆਂ ਦੋ ਸੁਪਰ ਫਾਸਟ ਟਰੇਨਾਂ ਜੋ ਕਰੋਨਾ ਕਾਲ ਚ ਬੰਦ ਕੀਤੀਆਂ ਗਈਆਂ ਸਨ ਉਨ੍ਹਾਂ ਨੂੰ ਵੀ ਜਲਦ ਚਾਲੂ ਕਰਵਾਉਣ ਦੀ ਮੰਗ ਰੱਖੀ। ਇਸ ਮੌਕੇ ਨੋਰਥਨ ਰੇਲਵੇ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਗੁਰਸ਼ਰਨ ਪਾਠਕ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਅੱਜ ਪੂਰੇ ਭਾਰਤ ਵਿੱਚ ਚਾਰ ਹੋਰ ਵੰਦੇ ਭਾਰਤ ਰੇਲਗੱਡੀ ਸ਼ੁਰੂ ਕੀਤੀਆਂ ਉਸ ਵਿਚੋਂ ਇੱਕ ਫਿਰੋਜ਼ਪੁਰ ਤੋਂ ਦਿੱਲੀ ਲਈ ਵੰਦੇ ਭਾਰਤ ਰੇਲਗੱਡੀ ਸ਼ੁਰੂ ਕੀਤੀ ਗਈ ਹੈ ਜੋ ਫਿਰੋਜ਼ਪੁਰ ਤੋਂ ਸਵੇਰੇ 7.55 ’ਤੇ ਚੱਲੇਗੀ ਅਤੇ ਦੁਪਹਿਰ 2.35 ’ਤੇ ਦਿੱਲੀ ਪੁੱਜੇਗੀ ਜੋ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਪਾਣੀਪਤ ਤੋਂ ਦਿੱਲੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਰੂਟ ਦੇ ਯਾਤਰੀਆਂ ਨੂੰ ਵੱਡਾ ਲਾਭ ਮਿਲਣ ਜ਼ਾ ਰਿਹਾ ਹੈ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਵੀ ਇਸ ਰੇਲਗੱਡੀ ਦੇ ਸ਼ੁਰੂ ਹੋਣ ਤੇ ਖੁਸ਼ੀ ਜਾਹਰ ਕਰਦਿਆਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਫਰੀਦਕੋਟ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੀ ਰੇਲਗੱਡੀ ਦਾ ਸਵਾਗਤ ਕੀਤਾ ਗਿਆ।