ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਸਾਹਿਬ ਜੀ ਦੀ ਅਪਾਹਰ ਕਿ੍ਰਪਾ ਦਾ ਸ਼ੁਕਰਾਨਾ ਕਰਨ ਲਈ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਗ੍ਰਹਿ ਪਿੰਡ ਸੰਧਵਾਂ ਵਿਖੇ 23 ਅਕਤੂਬਰ ਦਿਨ ਵੀਰਵਾਰ ਨੂੰ ਸ਼ਾਮ 7:00 ਵਜੇ ਤੋਂ 9:00 ਵਜੇ ਤੱਕ ਇਲਾਕੇ ਦੇ ਗੁਰੂ ਘਰ ਦੇ ਵਜ਼ੀਰਾਂ ਦਾ ਮਾਣ-ਸਨਮਾਨ ਕਰਨ ਦਾ ਫੈਸਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਪੀਕਰ ਹਾਊਸ ਵਿਖੇ 23 ਅਕਤੂਬਰ ਵਾਲੇ ਦਿਨ ਸ਼ਾਮ ਨੂੰ ਇਲਾਕੇ ਦੇ ਸ਼ਹਿਰ, ਕਸਬੇ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਗੁਰੂ ਘਰਾਂ ਦੇ ਵਜ਼ੀਰਾਂ ਅਰਥਾਤ ਪਾਠੀ/ਗ੍ਰੰਥੀ ਸਿੰਘਾਂ ਨੂੰ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ। ਸਪੀਕਰ ਸੰਧਵਾਂ ਦੇ ਧਰਮਪਤਨੀ ਬੀਬਾ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪਿ੍ਰੰਟ ਅਤੇ ਬਿਜਲਈ ਮੀਡੀਏ ਸਮੇਤ ਸ਼ੋਸ਼ਲ ਮੀਡੀਏ ਰਾਹੀਂ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਗੁਰੂ ਘਰਾਂ ਵਿੱਚ ਸੇਵਾ ਕਰਦੇ ਪਾਠੀ/ਗ੍ਰੰਥੀ ਸਿੰਘਾਂ ਨੂੰ ਗੁਰਦਵਾਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਬਣਦੀ ਭੇਟਾ ਅਤੇ ਮਾਣ ਸਨਮਾਨ ਨਾ ਦਿੱਤੇ ਜਾਣ ਦੀਆਂ ਮਿਲਦੀਆਂ ਖਬਰਾਂ ਨਾਲ ਬਹੁਤ ਦੁੱਖ ਹੁੰਦਾ ਹੈ, ਕਿਉਂਕਿ ਪੰਥਕ ਰਵਾਇਤਾਂ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਦੇ ਭਵਿੱਖ ਲਈ ਇਹ ਬਹੁਤ ਹੀ ਚਿੰਤਾ ਵਾਲਾ ਪਹਿਲੂ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਜ਼ੀਰਾਂ ਨੂੰ ਮਾਣ ਸਨਮਾਨ ਦੇਣ ਸਮੇਤ ਉਹਨਾ ਦਾ ਜੀਵਨ ਪੱਧਰ ਖੁਸ਼ਹਾਲ ਬਣਾਉਣ ਲਈ ਸੰਗਤ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਯਤਨ ਕਰਨੇ ਚਾਹੀਦੇ ਹਨ।

