ਚੰਡੀਗੜ੍ਹ, 7 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਇੰਡੀਗੋ ਏਅਰਲਾਈਨ ਦੀਆਂ ਉਡਾਣਾਂ ਦੇ ਸੰਕਟ ਦੇ ਮੱਦੇਨਜ਼ਰ ਸੋਨਾਲੀ ਗਿਰੀ ਆਈਏਐਸ ਸਕੱਤਰ-ਕਮ-ਡਾਇਰੈਕਟਰ ਸਿਵਲ ਏਵੀਏਸ਼ਨ ਪੰਜਾਬ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ ਚੰਡੀਗੜ੍ਹ ਹਵਾਈ ਅੱਡੇ ‘ਤੇ ਹੋਈ ਅਤੇ ਇਸ ਮੀਟਿੰਗ ਵਿੱਚ ਕੰਟਰੋਲ ਰੂਮ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੋਨਾਲੀ ਗਿਰੀ ਨੇ ਖੁਲਾਸਾ ਕੀਤਾ ਕਿ ਇੰਡੀਗੋ ਨੇ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਖਰਚੇ ‘ਤੇ ਯਾਤਰੀਆਂ ਦੇ ਸਮਾਨ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ‘ਤੇ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਟੈਕਸੀ ਆਪਰੇਟਰਾਂ ਨੂੰ ਸਿਰਫ਼ ਸਰਕਾਰ ਦੁਆਰਾ ਨਿਰਧਾਰਤ ਚਾਰਜ ਲੈਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਯਾਤਰੀ ਉਡਾਣ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੂੰ ਮੁਫ਼ਤ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਗਲੇ ਸੱਤ ਤੋਂ ਦਸ ਦਿਨਾਂ ਵਿੱਚ ਸਾਰੇ ਉਡਾਣ ਸੰਚਾਲਨ ਆਮ ਵਾਂਗ ਬਹਾਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਡਾਣ ਸੰਚਾਲਨ ਬਾਰੇ ਸਾਰੀ ਜਾਣਕਾਰੀ ਯਾਤਰੀਆਂ ਨਾਲ ਸੋਸ਼ਲ ਮੀਡੀਆ ਦੇ ਨਾਲ-ਨਾਲ ਮੀਡੀਆ ਰਾਹੀਂ ਸਾਂਝੀ ਕੀਤੀ ਜਾਵੇਗੀ।
