ਸਰੀ, 26 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਨੇ ਬੀਤੇ ਦਿਨੀਂ ਇਸ ਸਾਲ ਦਾ ਤੀਜਾ ਪਿਕਨਿਕ ਟੂਰ ਲਾਇਆ। ਇਸ ਟੂਰ ਦੌਰਾਨ ਹੈਰੀਸਨ ਹੌਟ ਸਪਰਿੰਗ ਵਿਖੇ ਪਹੁੰਚ ਕੇ ਸਾਰੇ ਮੈਂਬਰਾਂ ਨੇ ਖੁਸ਼ੀਆਂ ਭਰੇ ਮਾਹੌਲ ਦਾ ਆਨੰਦ ਮਾਣਿਆਂ।
ਸੈਂਟਰ ਦੇ ਸਕੱਤਰ ਹਰਚੰਦ ਸਿੰਘ ਅੱਚਰਵਾਲ ਨੇ ਦੱਸਿਆ ਹੈ ਕਿ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ 56 ਮੈਂਬਰ ਇਕ ਸ਼ਾਨਦਾਰ ਏ.ਸੀ. ਬੱਸ ਰਾਹੀਂ ਸਵੇਰੇ ਸੈਂਟਰ ਤੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਰਵਾਨਾ ਹੋਏ। ਹਰਚੰਦ ਸਿੰਘ ਗਿੱਲ ਨੇ ਰਸਤੇ ਵਿੱਚ ਪਿਆਰੇ ਗੀਤ-ਸੰਗੀਤ ਨਾਲ ਸਭ ਦਾ ਮਨੋਰੰਜਨ ਕੀਤਾ।
ਹੈਰੀਸਨ ਹੌਟ ਸਪਰਿੰਗ ਵਿਖੇ ਪਹੁੰਚ ਕੇ ਵੱਖ ਵੱਖ ਟੋਲੀਆਂ ਬਣਾ ਕੇ ਉਨ੍ਹਾਂ ਝੀਲ ਅਤੇ ਪਾਰਕ ਦੇ ਕੁਦਰਤੀ ਨਜ਼ਾਰਿਆਂ ਅਤੇ ਗਰਮ ਪਾਣੀ ਦੇ ਚਸ਼ਮਿਆਂ ਦਾ ਆਨੰਦ ਮਾਣਿਆਂ ਅਤੇ ਕੁਝ ਇਕ ਨੇ ਝੀਲ ਵਿੱਚ ਸਵਿਮਿੰਗ ਵੀ ਕੀਤੀ। ਉਪਰੰਤ ਪਾਰਕ ਵਿਚ ਰੰਗਾ-ਰੰਗ ਪ੍ਰੋਗਰਾਮ ਰਚਾਇਆ ਗਿਆ ਜਿਸ ਵਿਚ ਵਾਰੋ ਵਾਰੀ ਸਾਰਿਆਂ ਨੇ ਗੀਤਾਂ ਅਤੇ ਕਵਿਤਾਵਾਂ ਦੀ ਛਹਿਬਰ ਲਾਈ। ਫਿਰ ਬੱਸ ਵਿੱਚ ਪਿਆਰੇ ਗੀਤਾਂ ਦਾ ਅਨੰਦ ਮਾਣਦੇ ਹੋਏ ਸ਼ਾਮ ਨੂੰ ਵਾਪਸ ਸੀਨੀਅਰ ਸੈਂਟਰ ਪਹੁੰਚੇ। ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਇਸ ਟੂਰ ਨੂੰ ਆਨੰਦਮਈ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।