ਸਰੀ, 27 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਕਵੀ ਦਰਬਾਰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਵਾਰ ਦਾ ਇਹ ਪ੍ਰੋਗਰਾਮ ਕੈਨੇਡਾ ਦੇ ਸਿੱਖ ਇਤਿਹਾਸ ਦੇ ਮਹਾਨ ਸੂਰਬੀਰ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਲਾਸਾਨੀ ਕੁਰਬਾਨੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹੀਦ ਮੇਵਾ ਸਿੰਘ ਨੇ 1914 ਵਿੱਚ ਕੈਨੇਡਾ ਵਿੱਚ ਵਸਦੇ ਭਾਰਤੀਆਂ ਵਿਰੁੱਧ ਅੰਗਰੇਜ਼ ਹਕੂਮਤ ਦੀਆਂ ਵਧੀਕੀਆਂ ਅਤੇ ਮੁਖ਼ਬਰ ਬੇਲਾ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਕੀਤੇ ਗਏ ਕਤਲੇਆਮ ਦਾ ਮੂੰਹ-ਤੋੜ ਜਵਾਬ ਦਿੱਤਾ ਸੀ। ਉਨ੍ਹਾਂ ਨੇ ਜ਼ੁਲਮ ਦੇ ਸੂਤਰਧਾਰ ਇੰਸਪੈਕਟਰ ਹੌਪਕਿਨਸਨ ਨੂੰ ਅਦਾਲਤ ਵਿੱਚ ਸੋਧ ਕੇ ਸਿੱਖ ਅਣਖ ਨੂੰ ਬਰਕਰਾਰ ਰੱਖਿਆ ਅਤੇ 11 ਜਨਵਰੀ 1915 ਨੂੰ ਹੱਸਦੇ ਹੋਏ ਫਾਂਸੀ ਦਾ ਰੱਸਾ ਚੁੰਮਿਆ। ਢਿੱਲੋਂ ਨੇ ਕਿਹਾ ਕਿ ਅੱਜ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹ ਅਜਿਹੇ ਸ਼ਹੀਦਾਂ ਦੀ ਬਦੌਲਤ ਹੀ ਹੈ।
ਸਮਾਗਮ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਅਤੇ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਜੀਵਨ ਭਰ ਦੇ ਸਾਹਿਤਕ ਅਤੇ ਖੇਡ ਸਫ਼ਰ ਬਾਰੇ ਸਰੋਤਿਆਂ ਨਾਲ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਸ. ਮੰਡੇਰ ਨੇ ਪੰਜਾਬੀ ਖੇਡ ਜਗਤ ਨੂੰ ਪ੍ਰਫੁੱਲਤ ਕਰਨ ਲਈ ਪਾਏ ਆਪਣੇ ਯੋਗਦਾਨ ‘ਤੇ ਚਾਨਣਾ ਪਾਇਆ ਅਤੇ ਇਸ ਮੌਕੇ ਆਪਣਾ ਤ੍ਰੈ-ਮਾਸਿਕ ਮੈਗਜ਼ੀਨ “ਖੇਡ ਸੰਸਾਰ” ਵੀ ਜਾਰੀ ਕੀਤਾ। ਇਸ ਮੈਗਜ਼ੀਨ ਰਾਹੀਂ ਉਹ ਪਿਛਲੇ ਲੰਮੇ ਸਮੇਂ ਤੋਂ ਨਵੀਂ ਪੀੜ੍ਹੀ ਨੂੰ ਖੇਡਾਂ ਅਤੇ ਆਪਣੀ ਵਿਰਾਸਤ ਨਾਲ ਜੋੜਨ ਦਾ ਵੱਡਮੁੱਲਾ ਕਾਰਜ ਕਰ ਰਹੇ ਹਨ।
ਕਵੀ ਦਰਬਾਰ ਦੇ ਦੌਰਾਨ ਜ਼ਿਆਦਾਤਰ ਰਚਨਾਵਾਂ ਸ਼ਹੀਦ ਮੇਵਾ ਸਿੰਘ ਦੇ ਵਿਸ਼ੇ ‘ਤੇ ਆਧਾਰਿਤ ਸਨ, ਜਿਨ੍ਹਾਂ ਨੇ ਸਾਰੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਕਵੀ ਦਰਬਾਰ ਵਿਚ ਅਵਤਾਰ ਸਿੰਘ ਬਰਾੜ, ਗੁਰਚਰਨ ਸਿੰਘ ਬਰਾੜ, ਇੰਦਰਜੀਤ ਸਿੰਘ ਧਾਮੀ, ਨਿਰੰਜਨ ਸਿੰਘ ਲੇਹਲ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ ਅਟਵਾਲ, ਦਵਿੰਦਰ ਕੌਰ ਜੌਹਲ, ਭਗਵੰਤ ਕੌਰ ਚਾਹਲ, ਮਨਜੀਤ ਸਿੰਘ ਮੱਲ੍ਹਾ, ਗੁਰਦਿਆਲ ਸਿੰਘ ਜੌਹਲ, ਇੰਦਰਜੀਤ ਕੌਰ ਸੰਧੂ, ਪਵਿੱਤਰ ਕੌਰ ਬਰਾੜ, ਕੁਲਵੰਤ ਸਿੰਘ ਸਰੋਤਾ, ਸਵਰਨਜੀਤ ਸਿੰਘ ਸੰਧੂ, ਬਲਬੀਰ ਸਿੰਘ ਸੰਘਾ, ਅਮਰੀਕ ਸਿੰਘ ਲੇਹਲ, ਪ੍ਰੋ. ਸ਼ਮੀਰ ਸਿੰਘ, ਸਵਰਨ ਸਿੰਘ ਚਾਹਲ, ਬੇਅੰਤ ਸਿੰਘ ਢਿੱਲੋਂ, ਗੁਰਦਰਸ਼ਨ ਸਿੰਘ ਬਾਦਲ ਅਤੇ ਬੀਬੀ ਅਮਰਜੀਤ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਬਾਖੂਬੀ ਨਿਭਾਇਆ। ਸਮਾਗਮ ਦੌਰਾਨ ਚਾਹ-ਪਾਣੀ ਦੀ ਸੇਵਾ ਬੀਬੀ ਭਗਵੰਤ ਕੌਰ ਚਾਹਲ ਵੱਲੋਂ ਆਪਣੇ ਬੇਟੇ ਦੇ ਨਵੇਂ ਕਲੀਨਿਕ ਖੁੱਲ੍ਹਣ, ਜਨਮ ਦਿਨ ਅਤੇ ਆਪਣੇ ਪੋਤੇ-ਪੋਤੀ ਦੀ ਲੋਹੜੀ ਦੀ ਖੁਸ਼ੀ ਵਿੱਚ ਕੀਤੀ ਗਈ।

