ਕੋਟਕਪੂਰਾ, 17 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਸ਼ਿਮਲਾ’ ਗੀਤ ਨਾਲ ਸੁਰਖੀਆਂ ਵਿੱਚ ਆਏ ਪ੍ਰਸਿੱਧ ਲੋਕ ਗਾਇਕ ਇੰਦਰ ਮਾਨ ਦਾ ਨਵਾਂ ਗੀਤ “ਦਾਜ” 20 ਸਤੰਬਰ, ਦਿਨ ਸ਼ਨੀਵਾਰ ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਇੰਦਰ ਮਾਨ ਦਾ ਇਹ ਗੀਤ ਦਾਜ ਪ੍ਰਥਾ ਵਰਗੀਆਂ ਸਮਾਜਿਕ ਕੁਰਤੀਆਂ ‘ਤੇ ਅਧਾਰਿਤ ਹੈ। ਇਹ ਗੀਤ ਪ੍ਰਸਿੱਧ ਗੀਤਕਾਰ ਅਵਤਾਰ ਮੁਕਤਸਰੀ ਨੇ ਕਲਮਬੱਧ ਕੀਤਾ ਹੈ। ਐਮ.ਆਰ. ਮਿਊਜ਼ਿਕ ਨੇ ਇਸ ਗੀਤ ਨੂੰ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਅਤੇ ਵੀਡਿਓ-ਨਿਰਦੇਸ਼ਨ ਜਸ ਢਿੱਲੋ ਦਾ ਹੈ। ਗੀਤ ਦੀ ਵੀਡੀਓ ਨੂੰ ਬਹੁਤ ਹੀ ਖ਼ੂਬਸੂਰਤ ਲੋਕੇਸ਼ਨਜ਼ ਉੱਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ਦੇ ਗਾਇਕ ਇੰਦਰ ਮਾਨ ਨੇ ਦੱਸਿਆ ਕਿ ਇਸ ਗੀਤ ਦੇ ਵੀਡੀਓ ਵਿੱਚ ਅਦਾਕਾਰੀ ਖੇਤਰ ਦੇ ਕਈ ਚਰਚਿਤ ਚਿਹਰਿਆਂ ਨੇ ਆਪਣੀ ਅਦਾਕਾਰੀ ਦੇ ਰੰਗ ਬਿਖੇਰੇ ਹਨ, ਜਿਨ੍ਹਾਂ ਵਿੱਚ ਪਰਤਾਪ ਸਿਮਰਨ,ਕੁਲਦੀਪ ਨਿਆਮੀ, ਵਿੱਕੀ ਮਰਜਾਨਾ, ਸਾਵਣ ਸ਼ੂਕਾ, ਡਿੰਪਲ ਕੌਰ, ਰੁਪਿੰਦਰ ਕੌਰ, ਗੁਰਚਰਨ ਸਿੰਘ, ਜਸਵਿੰਦਰ ਜੱਸੀ ਆਦਿ ਨਾਮੀ ਕਲਾਕਾਰ ਸ਼ਾਮਲ ਹਨ। ਇੰਦਰ ਮਾਨ ਨੇ ਇਸ ਗੀਤ ਲਈ ਪ੍ਰਸਿੱਧ ਅਦਾਕਾਰਾ ਪਵਨ ਜੌਹਲ, ਪ੍ਰਿਤਪਾਲ ਸਿੰਘ, ਲਵਪ੍ਰੀਤ ਗੈਰੀ, ਨਛੱਤਰ ਗੋਨੇਆਣਾ, ਕੁਲਵੰਤ ਸੰਧੂ ਦਾ ਧੰਨਵਾਦ ਕੀਤਾ। ਵਧੇਰੇ ਖਾਸ ਗੱਲ ਇਹ ਹੈ ਕਿ ਇਹ ਗੀਤ ਪ੍ਰਸਿੱਧ ਮਰਹੂਮ ਗਾਇਕ ਮੇਜਰ ਰਾਜਸਥਾਨੀ ਦੀ ਕੰਪਨੀ ਐੱਮ.ਆਰ. ਮਿਊਜ਼ਕ ਦੁਆਰਾ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ। ਸਮੁੱਚਾ ਪ੍ਰੋਜੈਕਟ ਮੇਜਰ ਰਾਜਸਥਾਨੀ ਦੇ ਬੇਟੇ ਨਵਦੀਪ ਰਾਜਸਥਾਨੀ ਨੇ ਕੀਤਾ ਹੈ। ਪੰਜਾਬ ਦੀਆਂ ਅਨੇਕਾਂ ਨਾਮਵਰ ਸ਼ਖਸ਼ੀਅਤਾਂ ਨੇ ਇੰਦਰ ਮਾਨ ਦੇ ਇਸ ਨਵੇਂ ਆ ਰਹੇ ਗੀਤ ਲਈ ਆਪਣੀਆਂ ਸ਼ੁਭ ਇੱਛਾਵਾਂ ਭੇਜੀਆਂ ਹਨ।