28 ਫਰਵਰੀ ਨੂੰ ਹੋਣ ਵਾਲੇ ਈਟ ਰਾਈਟ ਮੇਲੇ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਵਾਸੀਆਂ ਨੂੰ ਦਿੱਤਾ ਸੱਦਾ
ਕੋਟਕਪੂਰਾ, 27 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਹਤ ਵਿਭਾਗ ਤੇ ਫ਼ਰੀਦਕੋਟ ਸਾਈਕਲਿੰਗ ਗਰੁੱਪ ਵੱਲੋਂ ਕਰਵਾਏ ਗਏ ਈਟ ਰਾਈਟ ਇੰਡੀਆ ਸਾਈਕਲਥੋਨ ਨੂੰ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਉਨ੍ਹਾਂ ਆਪ ਵੀ ਇਸ ਸਾਈਕਲਥੋਨ ਵਿੱਚ ਭਾਗ ਲਿਆ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਸਰੀਰ ਤੰਦਰੁਸਤ ਨਹੀਂ ਹੈ ਤਾਂ ਅਸੀਂ ਜ਼ਿੰਦਗੀ ਦਾ ਕੋਈ ਆਨੰਦ ਨਹੀਂ ਮਾਣ ਸਕਦੇ, ਇਸ ਪ੍ਰੋਗਰਾਮ ਦਾ ਮੁੱਖ ਮਕਸਦ ਲੋਕਾਂ ਨੂੰ ਸਹੀ ਖਾਣਾ ਅਤੇ ਕਿਵੇਂ ਖਾਣਾ ਹੈ ਇਸ ਬਾਰੇ ਜਾਣਕਾਰੀ ਦੇਣਾ ਹੈ ਤਾਂ ਜੋ ਸਰੀਰ ਨੂੰ ਸਿਹਤਮੰਦ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰੀਰ ਨੂੰ ਰੋਗ ਰਹਿਤ ਅਤੇ ਤੰਦਰੁਸਤ ਰੱਖਣ ਲਈ ਕਸਰਤ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਈਕਲਥੋਨ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਟੀ-ਸ਼ਰਟ ਅਤੇ ਰਿਫੈਰਸ਼ਮੈਂਟ ਵੀ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਜਦੋਂ ਅਸੀਂ ਚੰਗਾ ਖਾਣਾ ਖਾਂਦੇ ਹਾਂ ਅਤੇ ਕਸਰਤ ਕਰਦੇ ਹਾਂ ਤਾਂ ਸਾਰੀਆਂ ਬਿਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਈਕਲਿੰਗ, ਸੈਰ ਆਦਿ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਪ੍ਰਾਚੀਨ ਸੱਭਿਅਤਾ ਯੋਗ ਨਾਲ ਜੁੜਨਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਸੀ.ਐਮ. ਦੀ ਯੋਗਸ਼ਾਲਾ ਤਹਿਤ ਯੋਗਾ ਕਲਾਸਾਂ ਵੀ ਲਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਬਾ ਫਰੀਦ ਸੱਭਿਆਚਾਰਕ ਕੇਂਦਰ ਵਿਖੇ 28 ਫਰਵਰੀ ਨੂੰ ਈਟ ਰਾਈਟ ਮੇਲੇ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ, ਜੋ ਕਿ ਲੋਕਾਂ ਵਿੱਚ ਚੰਗਾ ਖਾਣ ਪੀਣ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਨੁੱਕੜ ਨਾਟਕ, ਸਭਿਆਚਾਰਕ ਪ੍ਰੋਗਰਾਮ, ਪੌਸ਼ਟਿਕ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ ਅਤੇ ਸਕੂਲੀ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਮੇਲੇ ਦਾ ਆਕਰਸ਼ਣ ਹੋਣਗੇ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਉਹ ਇਸ ਮੇਲੇ ਦਾ ਹਿੱਸਾ ਬਣ ਕੇ ਮੇਲੇ ਦਾ ਆਨੰਦ ਜਰੂਰ ਮਾਨਣ ਅਤੇ ਸਿਹਤ ਸੰਭਾਲ ਸਬੰਧੀ ਜਾਣਕਾਰੀ ਪ੍ਰਾਪਤ ਕਰਨ। ਇਸ ਮੌਕੇ ਸਿਵਲ ਸਰਜਨ ਡਾ. ਚੰਦਰਸ਼ੇਖਰ ਕੱਕੜ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੋ ਬਿਮਾਰੀਆਂ ਫੈਲ ਰਹੀਆਂ ਹਨ ਉਹ ਸਾਡੇ ਖਾਣ ਪੀਣ ਅਤੇ ਰਹਿਣ ਸਹਿਣ ਨਾਲ ਸੰਬੰਧਿਤ ਹਨ। ਲੋਕਾਂ ਨੂੰ ਚੰਗਾ ਖਾਣ ਅਤੇ ਤੰਦਰੁਸਤ ਰਹਿਣ ਬਾਰੇ ਜਾਗਰੂਕ ਕਰਨ ਲਈ ਈਟ ਰਾਈਟ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੁਣ ਫੂਡ ਦੀ ਕੁਆਲਿਟੀ ਤੇ ਜਿਆਦਾ ਫੋਕਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਨੂੰ ਸਿਹਤਮੰਦ ਬਣਾਉਣ ਦਾ ਸੁਪਨਾ ਹੈ, ਜਿਸ ਨੂੰ ਅੱਗੇ ਲਿਜਾਇਆ ਜਾ ਰਿਹਾ ਹੈ। ਇਸ ਮੌਕੇ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਫੂਡ ਸੇਫਟੀ ਅੰਮ੍ਰਿਤਪਾਲ ਸਿੰਘ, ਐਸ ਐਮ ਓ ਡਾ ਪਰਮਜੀਤ ਬਰਾੜ, ਸਾਈਕਲਿੰਗ ਗਰੁੱਪ ਫਰੀਦਕੋਟ ਡਾ ਗਗਨ ਬਜਾਜ, ਡਾ ਕੁਲਦੀਪ ਧੀਰ, ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਬਾਬਾ, ਰਿੰਕੂ ਸਮਾਧਾਂ ਵਾਲਾ, ਪੋ੍ਰਫੈਸਰ ਨਰਿੰਦਰਜੀਤ ਸਿੰਘ ਬਰਾੜ, ਬੀਈਈ ਡਾ ਪ੍ਰਭਦੀਪ ਸਿੰਘ ਚਾਵਲਾ ਹਾਜਰ ਸਨ।

