ਮੁਹਾਲੀ 20 ਅਗਸਤ( ਅੰਜੂ ਅਮਨਦੀਪ ਗਰੋਵਰ/ ਭਗਤ ਰਾਮ ਰੰਗਾੜਾ/ਵਰਲਡ ਪੰਜਾਬੀ ਟਾਈਮਜ਼)
ਉਸਤਾਦ ਗ਼ਜ਼ਲਗੋ ਸ਼੍ਰੀ ਸਿਰੀ ਰਾਮ ਅਰਸ਼ ਕੁਝ ਅਰਸਾ ਸਾਹ ਦੀ ਬਿਮਾਰੀ ਕਾਰਨ ਮਿਤੀ 17 ਅਗਸਤ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਸਸਕਾਰ 18 ਅਗਸਤ ਨੂੰ ਭਰਵੀਂ ਹਾਜ਼ਰੀ (ਜਿਸ ਵਿੱਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸੁਖਦੇਵ ਸਿੰਘ ਸਿਰਸਾ, ਬਲਕਾਰ ਸਿੱਧੂ, ਗੁਰਨਾਮ ਕੰਵਰ, ਦੀਪਕ ਸ਼ਰਮਾ ਚਨਾਰਥਲ, ਗੁਰਪ੍ਰੀਤ ਸਿੰਘ ਨਿਆਮੀਆਂ, ਧਿਆਨ ਸਿੰਘ ਕਾਹਲੋਂ, ਦੇਵੀ ਦਿਆਲ ਸ਼ਰਮਾ, ਕੇ.ਕੇ. ਸ਼ਰਧਾ, ਭੁਪਿੰਦਰ ਸਿੰਘ ਮਲਿਕ, ਪ੍ਰੇਮ ਵਿੱਜ, ਰਾਜ ਕੁਮਾਰ ਸਾਹੋਵਾਲੀਆ, ਬਾਬੂ ਰਾਮ ਦੀਵਾਨਾ, ਪਿਆਰਾ ਸਿੰਘ ਰਾਹੀ, ਗੁਰਦਰਸ਼ਨ ਸਿੰਘ ਮਾਵੀ, ਸਰਦਾਰਾ ਸਿੰਘ ਚੀਮਾ, ਹਰਮਿੰਦਰ ਸਿੰਘ ਕਾਲੜਾ, ਪਾਲ ਅਜਨਬੀ, ਸੋਹਣ ਸਿੰਘ ਬੈਨੀਪਾਲ, ਹਰਜੀਤ ਸਿੰਘ, ਜੋਗਿੰਦਰ ਸਿੰਘ ਅਤੇ ਇੰਜ. ਸਿਕੰਦਰ ਸਿੰਘ ਆਦਿ ਸ਼ਾਮਲ ਸਨ) ਵਿੱਚ ਸ਼ਮਸ਼ਾਨਘਾਟ ਬਲੌਂਗੀ (ਮੁਹਾਲੀ) ਵਿਖੇ ਕੀਤਾ ਗਿਆ। ਅਰਸ਼ ਦਾ ਜਨਮ ਸ਼੍ਰੀਮਤੀ ਹਰਨਾਮ ਕੌਰ ਜੀ ਦੀ ਕੁੱਖੋਂ ਪਿਤਾ ਠਾਕੁਰ ਦਾਸ ਦੇ ਗ੍ਰਹਿ ਲੁਧਿਆਣਾ ਵਿਖੇ 15 ਦਸੰਬਰ, 1934 ਨੂੰ ਹੋਇਆ। ਉਨ੍ਹਾਂ ਦੀਆਂ ਹੁਣ ਤੱਕ 21 ਪੁਸਤਕਾਂ ਛੱਪ ਚੁੱਕੀਆਂ ਹਨ ਜਿੰਨ੍ਹਾਂ ਵਿੱਚੋਂ ‘ਰਬਾਬ’, ‘ਪੁਰਸਲਾਤ’, ‘ਸੰਖ ਤੇ ਸਿਪੀਆਂ’, ‘ਸਰਘੀਆਂ ਤੇ ਮੁੰਦਰ’, ‘ਗ਼ਜ਼ਲ ਸਮੁੰਦਰ’, ‘ਕਿਰਨਾਂ ਦੀ ਬੁੱਕਲ’, ‘ਸਮੁੰਦਰ’, ‘ਸੰਜਮ’, ‘ਹਰਫਾਂ ਦੀ ਸੰਵੇਦਨਾ’, ‘ਫਰਜ਼ ਤੇ ਇਹਸਾਸ’ 10 ਗ਼ਜ਼ਲ ਸੰਗ੍ਰਹਿ ਹਨ। ਅਗੰਮੀ ਨੂਰ, ਪੰਥ ਸਜਾਇਓ ਖਾਲਸਾ, ਅਤੇ ਤੁਮ ਚੰਦਨ ਉਨ੍ਹਾਂ ਦੇ ਮਹਾ ਕਾਵਿ ਹਨ। ਅਗਨਾਰ, ਸਪਰਸ਼, ਤਨ ਤਪਣ ਤੰਦੂਰੀ ਤਿੰਨ ਕਾਵਿ ਸੰਗ੍ਰਹਿ ਹਨ। ਉਨ੍ਹਾਂ ਨੇ ਅਲੋਕਾਰੀ ਸ਼ਕਤੀ ਗੁਰੂ ਰਵਿਦਾਸ ‘ਸਗਲ ਭਵਨ’ ਦੇ ਨਾਇਕ ਤੇ ਅਦੁੱਤੀ ਆਦਿ ਕਵੀ ਨਾਂ ਦੀਆਂ ਤਿੰਨ ਜੀਵਨੀਆਂ ਲਿਖੀਆਂ ਹਨ। ਸਾਲ 1989 ਵਿੱਚ ਸੰਦਲੀ ਪੌਣ ਨਾਵਲ ਛਪਿਆ। ਉਨ੍ਹਾਂ ਨੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਬਹੁਤ ਖੂਬਸੂਰਤੀ ਨਾਲ ਲਿਖਿਆ ਹੈ। ਉਨ੍ਹਾਂ ਨੂੰ ਹਿੰਦੀ ਭਾਸ਼ਾ ਵਿੱਚ ਲਿਖੇ ਗਏ ਮਹਾ ਕਾਵਿ ‘ਗੁਰੂ ਮਿਲਿਓ ਰਵਿਦਾਸ’ ਨੂੰ ਸਾਲ 2006 ਵਿੱਚ ਭਾਰਤ ਸਰਕਾਰ ਵੱਲੋਂ ਇੱਕ ਲੱਖ ਰੁਪਏ ਦਾ ਪਹਿਲਾ ਪੁਰਸਕਾਰ ਮਿਲਿਆ। ਸਾਲ 2021 ਵਿੱਚ ਭਾਸ਼ਾ ਵਿਭਾਗ ਪੰਜਾਬ (ਪੰਜਾਬ ਸਰਕਾਰ) ਵੱਲੋਂ ਸ਼੍ਰੋਮਣੀ ਕਵੀ ਪੁਰਸਕਾਰ ਲਈ ਐਲਾਨਿਆ ਗਿਆ। 20 ਜਨਵਰੀ 2024 ਨੂੰ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਵੱਲੋਂ ਪਹਿਲਾ ਬਾਵਾ ਬਲਵੰਤ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਿਤੀ 27.07.2024 ਨੂੰ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਨੈਸ਼ਨਲ ਐਵਾਰਡੀ ਡਾ. ਗੁਰਚਰਨ ਕੌਰ ਕੋਚਰ ਦੀ ਅਗਵਾਈ ਹੇਠ ਇੰਜ. ਜੇ.ਬੀ. ਸਿੰਘ ਯਾਦਗਾਰੀ ਐਵਾਰਡ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨਿਤ ਕੀਤਾ। ਇਹ ਐਵਾਰਡ ਅਰਸ਼ ਜੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੀ ਨੂੰਹ ਅਤੇ ਪੋਤਰੇ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਨੇਕਾਂ ਸਨਮਾਨ ਉਨ੍ਹਾਂ ਦੀ ਝੋਲੀ ਵਿੱਚ ਪਏ। ਕਈ ਸਾਲ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਰਹੇ। ਚੰਡੀਗੜ੍ਹ ਪੰਜਾਬੀ ਮੰਚ ਦੇ ਚੇਅਰਮੈਨ; ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਦੇ ਮੁੱਖ ਸਲਾਹਕਾਰ ਅਤੇ ਕਵੀ ਮੰਚ (ਰਜਿ:) ਮੁਹਾਲੀ ਦੇ ਸਰਪ੍ਰਸਤ ਤੋਂ ਇਲਾਵਾ ਹੋਰ ਵੀ ਕਈ ਸਾਹਿਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੀਆਂ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕਰਦੇ ਰਹੇ। ਅਰਸ਼ ਜੀ ਪੰਜਾਬ ਲੋਕ ਸੰਪਰਕ ਵਿਭਾਗ ਵਿੱਚ ਬਤੌਰ ਜੁਆਇੰਟ ਡਾਇਰੈਕਟਰ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਰਿਟਾਇਰ ਹੋਏ ਸਨ। ਉਨ੍ਹਾਂ ਦਾ ਵਿਛੋੜਾ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਵੱਡਾ ਘਾਟਾ ਹੈ। ਇੰਜ. ਜਸਪਾਲ ਸਿੰਘ ਦੇਸੂਵੀ ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਜੋ ਅੱਜ-ਕੱਲ੍ਹ ਕੈਨੇਡਾ ਹਨ ਹੁਰਾਂ ਨੇ ਵਿਸ਼ੇਸ਼ ਤੌਰ ਤੇ ਸ਼ੋਕ ਸੰਦੇਸ਼ ਭੇਜਿਆ ਹੈ। ਅਰਦਾਸ ਹੈ ਈਸ਼ਵਰ ਅਰਸ਼ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।