ਫਰੀਦਕੋਟ, 27 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਸੱਭਿਆਚਾਰ, ਕਲਾ ਅਤੇ ਲੋਕ ਸੰਗੀਤ ਦੇ ਪ੍ਰਚਾਰ ਪਸਾਰ ਲਈ ਸਮਰਪਿਤ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ (IAWC) ਵੱਲੋਂ ਸਾਲਾਨਾ 18ਵਾਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ ਅਤੇ ਵਿਰਾਸਤ ਮੇਲਾ – 2025 ਆਉਣ ਵਾਲੇ 28 ਅਕਤੂਬਰ 2025 (ਮੰਗਲਵਾਰ) ਨੂੰ ਲਵ ਪੰਜਾਬ ਫਾਰਮ, ਨੈਸ਼ਨਲ ਹਾਈਵੇ-54, ਕੋਟਕਪੂਰਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸ਼ਾਨਦਾਰ ਢੰਗ ਨਾਲ ਸੰਸਥਾ ਦੇ ਸਰਪ੍ਰਸਤ ਹਰਦੀਪ ਸਿੰਘ ਕਿੰਗਰਾ ਅਤੇ ਸੰਸਥਾ ਦੇ ਚੇਅਰਮੈਨ ਪ੍ਰੋਫੈਸਰ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਮਨਜੀਤ ਸਿੰਘ ਬਰਾੜ (ਆਈ.ਏ.ਐਸ.) ਮੰਡਲ ਕਮਿਸ਼ਨਰ ਫਰੀਦਕੋਟ ਹੋਣਗੇ। ਜਦਕਿ ਸਮਾਜ ਸੇਵਾ, ਸਿੱਖਿਆ, ਖੇਡਾਂ ਅਤੇ ਸੱਭਿਆਚਾਰ ਖੇਤਰ ਨਾਲ ਸਬੰਧਤ ਉੱਘੀਆਂ ਸ਼ਖਸ਼ੀਅਤਾਂ — ਸੁੱਚਾ ਸਿੰਘ ਅਰਜਨਾ ਅਵਾਰਡੀ, ਗੁਰਚਰਨ ਸਿੰਘ ਸੰਧੂ (ਸਾਬਕਾ ਡੀ.ਟੀ.ਓ.), ਨੈਸ਼ਨਲ ਅਵਾਰਡੀ ਗੁਰਚਰਨ ਕੌਰ ਕੋਚਰ, ਰਜਿੰਦਰ ਭੰਡਾਰੀ, ਸੰਜੀਵ ਬਾਂਸਲ, ਪ੍ਰਿੰਸੀਪਲ ਦਿਗਵਿਜੇ ਸਿੰਘ,ਡਾ. ਪੀ. ਐਸ. ਬਰਾੜ, ਕੁਲਜੀਤ ਸਿੰਘ ਬੇਦੀ, ਮਾਸਟਰ ਪਵਿੱਤਰ ਸਿੰਘ ਆਦਿ — ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ।
ਇਸ ਸਾਲ ਪੰਜਾਬ ਦੇ ਪ੍ਰਸਿੱਧ ਤੇ ਲੋਕ ਪ੍ਰਿਯ ਗਾਇਕ ਸਰਬਜੀਤ ਚੀਮਾ ਨੂੰ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਲੋਕ ਸੰਗੀਤ ਦੇ ਪ੍ਰਚਾਰ–ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਦੇ ਮੱਦੇਨਜ਼ਰ “ਇੰਡਕ ਰਾਜ ਲੋਕ ਸੰਗੀਤ ਰਤਨ ਅਵਾਰਡ – 2025” ਪ੍ਰਦਾਨ ਕੀਤਾ ਜਾਵੇਗਾ।
ਸਰਬਜੀਤ ਚੀਮਾ ਨੇ ਆਪਣੇ ਸੱਭਿਅਕ ਸੰਗੀਤ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ–ਵਿਦੇਸ਼ਾਂ ਵਿੱਚ ਉੱਚਾਈਆਂ ’ਤੇ ਪਹੁੰਚਾਇਆ ਹੈ। ਉਨ੍ਹਾਂ ਦੇ ਗੀਤਾਂ ਨੇ ਹਰ ਵਰਗ ਦੇ ਦਿਲਾਂ ਵਿੱਚ ਪੰਜਾਬੀਅਤ ਅਤੇ ਵਿਰਾਸਤ ਦੀ ਚਮਕ ਜਗਾਈ ਹੈ ਅਤੇ ਉਹ ਅਸ਼ਲੀਲਤਾ ਤੋਂ ਦੂਰ ਰਹਿ ਕੇ ਪੰਜਾਬੀ ਮਿਟੀ ਦੀ ਖੁਸ਼ਬੂ ਆਪਣੇ ਸੰਗੀਤ ਰਾਹੀਂ ਫੈਲਾਉਂਦੇ ਆ ਰਹੇ ਹਨ।
ਸਮਾਰੋਹ ਦੌਰਾਨ ਪੰਜਾਬੀ ਸੱਭਿਆਚਾਰ ਦੀ ਝਲਕ ਦਿੰਦੀਆਂ ਵਿਸ਼ੇਸ਼ ਪ੍ਰਸਤੁਤੀਆਂ — ਗਿੱਧਾ, ਭੰਗੜਾ, ਲੋਕ ਗੀਤ, ਕਮੇਡੀ ਅਤੇ ਵਿਰਾਸਤੀ ਆਈਟਮਾਂ — ਦਰਸ਼ਕਾਂ ਲਈ ਵਿਸ਼ੇਸ਼ ਆਕਰਸ਼ਣ ਰਹਿਣਗੀਆਂ। ਇਸ ਮੌਕੇ ਕੌਂਸਲ ਵੱਲੋਂ ਪ੍ਰਕਾਸ਼ਿਤ ਪੁਸਤਕਾਂ “ਚੁੱਪ ਸ਼ਬਦਾਂ ਦੀ ਗੂੰਜ” (ਸਾਂਝਾ ਕਾਵਿ ਸੰਗ੍ਰਹਿ), “ਬਰਫ ਦਾ ਸੇਕ” (ਲੇਖਕ ਅਜੈਬ ਸਿੰਘ ਰੁਪਾਣਾ), “ਵਿਰਸੇ ਦੇ ਮੋਤੀ” (ਕਮਲਜੀਤ ਕੌਰ),ਸਮੇਤ ਗੋਗੀ ਕਾਤਿਲ ਅਤੇ ਸਾਹਿਤਕਾਰ ਕੌਰ ਬਿੰਦ ਦੀ ਪੁਸਤਕ ਦਾ ਲੋਕ ਅਰਪਣ ਵੀ ਕੀਤਾ ਜਾਵੇਗਾ।
ਕੌਂਸਲ ਦੇ ਸੰਸਥਾਪਕ ਅਤੇ ਡਾਇਰੈਕਟਰ ਪ੍ਰੋ. ਬਾਈ ਭੋਲਾ ਯਮਲਾ ਨੇ ਕਿਹਾ ਕਿ “ਸਰਬਜੀਤ ਚੀਮਾ ਵਰਗੇ ਕਲਾਕਾਰ ਸਾਡੀ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਵਿਰਾਸਤ ਦੇ ਸੱਚੇ ਰਖਵਾਲੇ ਹਨ। ਉਹਨਾਂ ਦੀ ਗਾਇਕੀ ਸਿਰਫ ਮਨੋਰੰਜਨ ਨਹੀਂ ਸਗੋਂ ਸੱਭਿਆਚਾਰਕ ਜਾਗਰੂਕਤਾ ਦਾ ਸੂਤਰ ਹੈ। ਇੰਡਕ ਆਰਟਸ ਵੈਲਫੇਅਰ ਕੌਂਸਲ ਦਾ ਇਹ ਮਕਸਦ ਹੈ ਕਿ ਅਸੀਂ ਉਹਨਾਂ ਵਿਅਕਤੀਆਂ ਨੂੰ ਸਨਮਾਨਿਤ ਕਰੀਏ ਜੋ ਪੰਜਾਬ ਦੀ ਰੂਹ ਨੂੰ ਜਿਉਂਦਾ ਰੱਖ ਰਹੇ ਹਨ।”
ਸੰਸਥਾ ਦੇ ਕੌਮੀ ਸਲਾਹਕਾਰ ਅਤੇ ਉੱਘੇ ਗੀਤਕਾਰ–ਨਿਰਮਾਤਾ–ਨਿਰਦੇਸ਼ਕ ਭੱਟੀ ਭੜੀ ਵਾਲਾ, ਮਦਨ ਜਲੰਧਰੀ, ਅਸ਼ੋਕ ਵਿੱਕੀ, ਰਿਦਮਜੀਤ, ਇਕਬਾਲ ਸਿੰਘ ਸਹੋਤਾ ਬੱਬੀ (ਬਾਜਾਖਾਨਾ) ਅਤੇ ਕੁਲਦੀਪ ਸਿੰਘ ਅਟਵਾਲ ਨੇ ਸੰਸਥਾ ਦੇ ਚੇਅਰਮੈਨ ਅਤੇ ਉੱਘੇ ਸੰਗੀਤ ਵਿਦਵਾਨ ਪ੍ਰੋਫੈਸਰ ਬਾਈ ਭੋਲਾ ਯਮਲਾ ਦੀ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉੱਘੇ ਲੋਕ ਗਾਇਕ ਸਰਬਜੀਤ ਚੀਮਾ ਦੀ ਕੀਤੀ ਚੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
