ਜੈਤੋ/ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਉੱਦਮ ਕਲੱਬ ਜੈਤੋ ਅਤੇ ਬਲਿਹਾਰ ਫਾਊਂਡੇਸ਼ਨ ਵੱਲੋਂ ਕਲੱਬ ਦੇ ਪ੍ਰਧਾਨ ਗੁਰਜੰਗ ਸਿੰਘ ਦੀ ਅਗਵਾਈ ਹੇਠ ਉੱਦਮ ਕਲੱਬ ਦੇ ਸਰਪ੍ਰਸਤ ਬਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਰਾਮਲੀਲਾ ਗਰਾਊਂਡ ਜੈਤੋ ਵਿਖੇ ਗ੍ਰੀਨ ਦਿਵਾਲੀ ਮਨਾਉਣ ਸਬੰਧੀ ਪੌਦਿਆਂ ਦੀ ਸਟਾਲ ਲਾਈ ਗਈ। ਕਲੱਬ ਦੇ ਪ੍ਰੈੱਸ ਸਕੱਤਰ ਪ੍ਰਮੋਦ ਧੀਰ ਨੇ ਦੱਸਿਆ ਕਿ ਇਸ ਪੌਦਿਆਂ ਦੀ ਸਟਾਲ ਤੇ ਹਜ਼ਾਰਾਂ ਪੌਦਿਆਂ ਦਾ ਮੁਫਤ ਲੰਗਰ ਲਾਇਆ ਗਿਆ, ਜਿਸ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਮੁਫ਼ਤ ਪੌਦੇ ਪ੍ਰਾਪਤ ਕਰਕੇ ਖੁਸ਼ੀ ਮਨਾਈ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਮਾਂ ਦੇ ਫੁੱਲਦਾਰ, ਫਲਦਾਰ, ਹਰਬਲ, ਸਜਾਵਟੀ, ਗਮਲਿਆਂ ਵਾਲੇ, ਜ਼ਮੀਨ ਵਾਲੇ ਪੌਦੇ ਬਾਹਰੋਂ ਨਰਸਰੀ ਤੋਂ ਖਰੀਦ ਕੇ ਨੋ ਪ੍ਰੋਫਿਟ ਨੋ ਲੌਸ ’ਤੇ ਵੇਚੇ ਗਏ। ਕਲੱਬ ਦੇ ਚੇਅਰਮੈਨ ਰੇਸ਼ਮ ਸਿੰਘ ਬਰਾੜ ਅਤੇ ਜਨਰਲ ਸਕੱਤਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਗਰੀਨ ਦੀਵਾਲੀ ਮਨਾਉਣ ਲਈ ਪਿਛਲੇ ਦਿਨੀਂ ਜੈਤੋ ਦੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਸਬੰਧੀ ਸੈਮੀਨਾਰ ਲਾਏ ਗਏ ਅਤੇ ਬੱਚਿਆਂ ਨੂੰ ਪਟਾਕੇ ਨਾ ਚਲਾ ਕੇ ਸਗੋਂ ਪੌਦੇ ਲਾ ਕੇ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਸੰਦੇਸ਼ ਦਿੱਤਾ। ਨਤੀਜ਼ੇ ਵਜੋਂ ਜੈਤੋ ਇਲਾਕੇ ਦੇ ਵੱਡੀ ਗਿਣਤੀ ਵਿੱਚ ਬੱਚੇ ਆਪਣੇ ਪਰਿਵਾਰਾਂ ਸਮੇਤ ਪੌਦਿਆਂ ਦੀ ਸਟਾਲ ’ਤੇ ਪਹੁੰਚੇ ਅਤੇ ਆਪਣੇ ਘਰਾਂ ਵਿੱਚ ਲਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲੈ ਕੇ ਗਏ ਅਤੇ ਉਹਨਾਂ ਗਰੀਨ ਦੀਵਾਲੀ ਮਨਾਉਣ ਦਾ ਵਾਅਦਾ ਪੂਰਾ ਕੀਤਾ।

