ਜਿਲੇ ’ਚ ਕਾਨੂੰਨ-ਵਿਵਸਥਾ ਬਣਾਈ ਰੱਖਣਾ ਪੁਲੀਸ ਦੀ ਮੁੱਖ ਜਿੰਮੇਵਾਰੀ : ਐਸਐਸਪੀ

ਫਰੀਦਕੋਟ , 14 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੁਲੀਸ ਲਾਈਨ ਫਰੀਦਕੋਟ ਵਿੱਚ ਪੁਲੀਸ ਦੇ ਉੱਚ ਅਧਿਕਾਰੀਆਂ ਅਤੇ ਮਾਹਿਰਾਂ ਨੇ ਫਰੀਦਕੋਟ ਜਿਲੇ ਦੀ ਪੁਲੀਸ ਨੂੰ ਨਾਜੁਕ ਹਾਲਾਤ ਨਾਲ ਨਜਿੱਠਣ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ। ਦੱਸਣਯੋਗ ਹੈ ਕਿ ਫਰੀਦਕੋਟ ਜਿਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਤੋਂ ਇਲਾਵਾ ਵਾਪਰੀਆਂ ਇੱਕ ਦਰਜਨ ਘਟਨਾਵਾਂ ਵਿੱਚ ਪੁਲੀਸ ਦੀ ਕਾਰਵਾਈ ਹਮੇਸ਼ਾ ਵਿਵਾਦਾਂ ਵਿੱਚ ਰਹੀ ਹੈ। ਨਾਜੁਕ ਹਾਲਾਤ ਵਿੱਚ ਪੁਲੀਸ ਨੂੰ ਸਮੇਂ ਦੀ ਹਾਣੀ ਦਾ ਬਣਾਉਣ ਅਤੇ ਸਥਿੱਤੀ ਨਾਲ ਨਜਿੱਠਣ ਲਈ ਇਹ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਇਸ ਟ੍ਰੇਨਿੰਗ ਵਿੱਚ ਬੁਲੇਟ ਪਰੂਫ, ਰੈਪਿਡ ਰਿਸਪਾਂਸ ਵਾਹਨਾਂ, ਕੇਨ ਸੀਲਡ, ਹੈਲਮੇਟ, ਬਾਡੀ ਪ੍ਰੋਟੈਕਟਰ, ਅੱਥਰੂ ਗੈਸ, ਬੈਰੀਕੇਡ ਅਤੇ ਅਣਸੁਖਾਵੀਂ ਸਥਿਤੀਆਂ ਨਾਲ ਨਜਿੱਠਣ ਲਈ ਵਰਤੇ ਜਾਣ ਵਾਲੇ ਹੋਰ ਸਮਾਨ ਦੀ ਸਿਖਲਾਈ ਦਿੱਤੀ ਗਈ। ਥੋੜੇ ਸਮੇਂ ਵਿੱਚ ਅੱਗੇ ਵਧਣ ਲਈ ਤਿਆਰੀਆਂ ਦਾ ਜਾਇਜਾ ਲਿਆ ਗਿਆ। ਪੁਲੀਸ ਕਰਮਚਾਰੀਆਂ ਨੂੰ ਟ੍ਰੇਨਿੰਗ ਦੌਰਾਨ ਧਰਨਿਆਂ, ਪ੍ਰਦਰਸ਼ਨਕਾਰੀਆਂ ਅਤੇ ਦੰਗਾਕਾਰੀਆਂ ਨਾਲ ਅਸਾਨੀ ਨਾਲ ਨਜਿੱਠਣ ਸਬੰਧੀ ਹਦਾਇਤਾਂ ਦਿੱਤੀਆਂ ਤਾਂ ਕਿ ਜਿਲੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਰਕਰਾਰ ਰੱਖੀ ਜਾ ਸਕੇ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਦੱਸਿਆ ਕਿ ਇਹ ਮੌਕ ਡਰਿੱਲ ਸਮੇਂ-ਸਮੇਂ ’ਤੇ ਕਰਵਾਈ ਜਾਂਦੀ ਹੈ, ਤਾਂ ਜੋ ਸਾਰੇ ਪੁਲੀਸ ਕਰਮਚਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਸਥਿੱਤੀ ਵਿੱਚ ਤੁਰਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਤਿਆਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਜਿਲਾ ਫਰੀਦਕੋਟ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣਾ ਪੁਲੀਸ ਦੀ ਮੁੱਖ ਜਿੰਮੇਵਾਰੀ ਹੈ।