ਫਰੀਦਕੋਟ, 7 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਪੁਲਿਸ ਕਰਮਚਾਰੀਆਂ ਦੀ ਸਪੈਸਲ ਮੋਕ ਡਰਿੱਲ ਕਰਵਾਈ ਗਈ, ਤਾਂ ਕਿ ਕਿਸੇ ਵੀ ਐਮਰਜੈਂਸੀ ਸਥਿੱਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਯਕੀਨੀ ਬਣਾਇਆ ਜਾ ਸਕੇ, ਜਿਸ ਦੌਰਾਨ ਬੁਲੇਟ ਪਰੂਫ ਜੈਕਿਟਾਂ, ਕੇਨ ਸੀਲਡ, ਹੈਲਮੇਟ, ਬਾਡੀ ਪ੍ਰੋਟੈਕਟਰ ਅਤੇ ਅਣਸੁਖਾਵੀਂ ਸਥਿਤੀਆਂ ਨਾਲ ਨਜਿੱਠਣ ਲਈ ਵਰਤੇ ਜਾਣ ਵਾਲੇ ਹੋਰ ਸਮਾਨ ਦੀ ਜਾਂਚ ਕੀਤੀ ਗਈ ਅਤੇ ਥੋੜ੍ਹੇ ਸਮੇਂ ਵਿੱਚ ਅੱਗੇ ਵਧਣ ਲਈ ਤਿਆਰੀਆਂ ਦਾ ਜਾਇਜਾ ਲਿਆ ਗਿਆ, ਜੋ ਕਾਨੂੰਨ ਅਤੇ ਵਿਵਸਥਾ ਦੀਆਂ ਸਥਿੱਤੀਆਂ ਵਿੱਚ ਜਵਾਬਦੇਹੀ ਨੂੰ ਵਧਾਉਣ ਦੇ ਉਦੇਸ ਨਾਲ ਕੀਤਾ ਗਿਆ ਸੀ। ਇਸ ਟ੍ਰੇਨਿੰਗ ਦੌਰਾਨ ਪੁਲਿਸ ਕਰਮਚਾਰੀਆਂ ਨੂੰ ਵੱਖ-ਵੱਖ ਸੁਰੱਖਿਆ ਤਕਨੀਕਾਂ ਬਾਰੇ ਵਿਸਥਾਰ ਵਿੱਚ ਸਿੱਖਿਆ ਦਿੱਤੀ ਗਈ, ਜਿਸ ਵਿੱਚ ਐਮਰਜੈਂਸੀ ਦੇ ਹਾਲਾਤਾਂ ਵਿੱਚ ਰਸਪਾਂਸ ਦੇ ਤਰੀਕੇ, ਭੀੜ ਪ੍ਰਬੰਧਨ ਅਤੇ ਸੰਚਾਰ ਸਾਧਨਾਂ ਦੀ ਸਹੀ ਵਰਤੋਂ ’ਤੇ ਖ਼ਾਸ ਜ਼ੋਰ ਦਿੱਤਾ ਗਿਆ। ਉਨ੍ਹਾਂ ਨੂੰ ਨਵੇਂ ਸੁਰੱਖਿਆ ਉਪਕਰਣਾਂ, ਡਰੋਨ ਦੇ ਮਾਨੀਟਰਿੰਗ ਤਰੀਕਿਆਂ ਅਤੇ ਅਧੁਨਿਕ ਹਥਿਆਰਾਂ ਦੀ ਵਰਤੋਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਐੱਸ.ਐੱਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੋਕ ਡਰਿੱਲ ਸਮੇਂ-ਸਮੇਂ ’ਤੇ ਕਰਵਾਈ ਜਾਂਦੀ ਹੈ, ਤਾਂ ਜੋ ਸਾਰੇ ਪੁਲਿਸ ਕਰਮਚਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਸਥਿੱਤੀ ਵਿੱਚ ਤੁਰਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਤਿਆਰ ਕੀਤਾ ਜਾ ਸਕੇ।

