ਦੋ ਸਕੇ ਭਰਾ ਪੀੜੀ ਦਰ ਪੀੜੀ ਕਰ ਰਹੇ ਹਨ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ
ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੇਸ਼ੱਕ ਦੀਵਾਲੀ ਦੇ ਤਿਉਹਾਰ ਮੌਕੇ ਕਾਰੀਗਰਾਂ ਵੱਲੋਂ ਮਿੱਟੀ ਦੇ ਦੀਵੇ ਅਤੇ ਭਾਂਡੇ ਤਿਆਰ ਕੀਤੇ ਜਾਂਦੇ ਹਨ ਪਰ ਵੱਖ-ਵੱਖ ਕਿਸਮ ਦੀਆ ਚਾਈਨਾ ਮੇਡ ਬਿਜਲਈ ਲੜੀਆਂ ਨੇ ਗਰੀਬਾਂ ਦਾ ਰੁਗਜਾਰ ਹੀ ਨਹੀਂ ਖੋਹਿਆ, ਬਲਕਿ ਸਾਨੂੰ ਅਸਲ ਸੱਭਿਆਚਾਰ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ। ਜਿਲਾ ਫਰੀਦਕੋਨ ਦੇ ਪਿੰਡ ਔਲਖ ਦੇ ਵਸਨੀਕ ਵੀਰ ਚੰਦ ਅਤੇ ਸ਼੍ਰੀ ਚੰਦ ਦੋਨੋਂ ਭਰਾ ਆਪਣੇ ਜੱਦੀ ਪੁਰਖਿਆਂ ਤੋਂ ਪੀੜ੍ਹੀ ਦਰ ਪੀੜ੍ਹੀ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ। ਉਦਾਸ ਮਨ ਨਾਲ ਦੋਨੋਂ ਭਰਾਵਾਂ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਮਿੱਟੀ ਦੇ ਭਾਂਡੇ ਬਣਾਉਣਾ ਬੜਾ ਮੁਸ਼ਕਿਲ ਹੋ ਗਿਆ ਹੈ, ਕਿਉਂਕਿ ਮਿੱਟੀ ਹੁਣ ਮੁਫਤ ਨਹੀਂ ਬਲਕਿ ਮੁੱਲ ਮਿਲਦੀ ਹੈ, ਜਿਸ ਨਾਲ ਭਾਂਡੇ ਬਣਾ ਕੇ ਅੱਗ ’ਤੇ ਪਕਾਉਣ ਉਪਰੰਤ ਕਾਫੀ ਖਰਚਾ ਹੋ ਜਾਂਦਾ ਹੈ ਅਤੇ ਉਪਰੋਂ ਮੌਸਮ ਦੀ ਬੇਯਕੀਨੀ ਨਾਲ ਸਾਰੀ ਮਿਹਨਤ ਅਤੇ ਸਰਮਾਇਆ ਅਜਾਈਂ ਚਲੇ ਜਾਣ ਦਾ ਖਤਰਾ ਵੀ ਮੰਡਰਾਉਂਦਾ ਰਹਿੰਦਾ ਹੈ। ਉਹਨਾਂ ਦੱਸਿਆ ਕਿ ਭਾਵੇਂ ਸਖਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਗਰੈਜੂਏਟ ਅਤੇ ਪੋਸਟ ਗਰੈਜੂਏਟ ਤੱਕ ਦੀਆਂ ਪੜਾਈਆਂ ਕਰਵਾਈਆਂ ਪਰ ਉੁਹ ਸਰਕਾਰੀ ਨੌਕਰੀ ਨਾ ਮਿਲਣ ਕਰਕੇ ਉੱਚ ਵਿਦਿਆ ਪ੍ਰਾਪਤ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਵੀ ਮਿੱਟੀ ਦੇ ਭਾਂਡੇ ਬਣਾਉਣ ਲਈ ਮਜਬੂਰ ਹਨ। ਉਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਸਾਡੇ ਉੱਚ ਵਿਦਿਆ ਪ੍ਰਾਪਤ ਬੱਚਿਆਂ ਨੂੰ ਨੋਕਰੀਆਂ ਦਿੱਤੀਆਂ ਜਾਣ ਤੇ ਜਾਂ ਸਹਾਇਕ ਧੰਦਿਆਂ ਦੀ ਤਰ੍ਹਾਂ ਸਾਨੂੰ ਬਿਨਾ ਵਿਆਜ ਕਰਜਾ ਮੁਹੱਈਆ ਕਰਵਾਇਆ ਜਾਵੇ।