ਬਿਨਾਂ ਲਾਇਸੰਸ ਵੀਜ਼ਾ ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ’ਤੇ ਕਸਿਆ ਜਾਵੇ ਕਾਨੂੰਨੀ ਸ਼ਿਕੰਜਾ
ਫਰੀਦਕੋਟ , 12 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਐਸੋਸੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਪੰਜਾਬ ਦਾ ਇੱਕ ਵਫਦ ਪ੍ਰਧਾਨ ਗਗਨਦੀਪ ਜਿੰਦਲ ਦੀ ਅਗਵਾਈ ਹੇਠ ਡਾ. ਪ੍ਰਗਿਆ ਜੈਨ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਨੂੰ ਮਿਲਿਆ ਅਤੇ ਜਿਲ੍ਹਾ ਫਰੀਦਕੋਟ ਵਿੱਚ ਤੈਨਾਤੀ ’ਤੇ ਗੁਲਦਸਤਾ ਭੇਂਟ ਕਰਕੇ ਮੁਬਾਰਕਬਾਦ ਦਿੱਤੀ। ਉਪਰੰਤ ਆਪਣੀਆਂ ਮੰਗਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਗਗਨਦੀਪ ਜਿੰਦਲ ਨੇ ਐਸ.ਐਸ.ਪੀ. ਫਰੀਦਕੋਟ ਨੂੰ ਬਿਨਾਂ ਲਾਇਸੰਸ ਵੀਜ਼ਾ ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ’ਤੇ ਕਾਨੂੰਨੀ ਸ਼ਿਕੰਜਾ ਕਸਣ ਲਈ ਬੇਨਤੀ ਕੀਤੀ ਅਤੇ ਦੱਸਿਆ ਕਿ ਜਦੋਂ ਵੀ ਪੁਲਿਸ ਜਾਂ ਪ੍ਰਸ਼ਾਸਨ ਦੀ ਕੋਈ ਟੀਮ ਚੈਕਿੰਗ ਕਰਦੀ ਹੈ ਤਾਂ ਸਿਰਫ ਲਾਇਸੰਸ ਹੋਲਡਰ ਕੰਸਲਟੈਂਟਸ ਦੇ ਦਫਤਰਾਂ ਨੂੰ ਹੀ ਚੈੱਕ ਕਰਦੀ ਹੈ, ਜਦੋਂ ਕਿ ਗੈਰਕਾਨੂੰਨੀ ਢੰਗ ਨਾਲ ਬਿਨਾਂ ਲਾਇਸੰਸ ਤੋਂ ਕੰਮ ਕਰਨ ਵਾਲੇ ਕੰਸਲਟੈਂਟਸ ਬੇਖੌਫ ਆਪਣਾ ਕਾਰੋਬਾਰ ਚਲਾ ਰਹੇ ਹਨ। ਜਨਰਲ ਸਕੱਤਰ ਓਮ ਪ੍ਰਕਾਸ਼ ਗੋਇਲ ਨੇ ਐਸ.ਐਸ.ਪੀ. ਫਰੀਦਕੋਟ ਦੇ ਧਿਆਨ ਵਿੱਚ ਲਿਆਂਦਾ ਕਿ ਕਿਸ ਤਰਾਂ ਨਾਲ ਕਿਸਾਨੀ ਜੱਥੇਬੰਦੀਆਂ ਦੇ ਨਾਮ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਦੇ ਦਫਤਰਾਂ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ ਅਤੇ ਸਟਾਫ ਤੱਕ ਨੂੰ ਬੰਦੀ ਬਣਾ ਲਿਆ ਜਾਂਦਾ ਹੈ, ਪਰ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਖਿਲਾਫ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ। ਚੇਅਰਮੈਨ ਗੁਰਵਿੰਦਰ ਸਿੰਘ ਨੇ ਐਸ.ਐਸ.ਪੀ. ਫਰੀਦਕੋਟ ਨੂੰ ਚੈਕਿੰਗ ਅਫਸਰਾਂ ਦੀ ਇੱਕ ਸੂਚੀ ਜਨਤਕ ਕਰਨ ਦੀ ਅਪੀਲ ਕੀਤੀ। ਡਾ. ਪ੍ਰਗਿਆ ਜੈਨ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਨੂੰ ਮੰਗ ਪੱਤਰ ਸੌਂਪਣ ਮੌਕੇ ਉਪਰੋਕਤ ਤੋਂ ਇਲਾਵਾ ਪੀ.ਆਰ.ਓ. ਸੁਖਵਿੰਦਰ ਸਿੰਘ ਰੋਮਾਣਾ, ਪ੍ਰੋਜੈਕਟ ਚੇਅਰਮੈਨ ਹਰਵਿੰਦਰ ਸਿੰਘ ਵੈਨਸੀ, ਖਜਾਨਚੀ ਅਨਮੋਲ ਗੋਇਲ, ਗਮਦੂਰ ਸਿੰਘ ਬਰਾੜ ਅਤੇ ਸੰਦੀਪ ਸਿੰਘ ਸੰਧੂ ਵੀ ਹਾਜ਼ਰ ਸਨ।