ਨਸ਼ਾ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਡਰੱਗ ਡਿਟੈਕਸ਼ਨ ਕਿੱਟਾਂ ਦੀ ਵੀ ਕੀਤੀ ਵੰਡ : ਡਾ. ਪ੍ਰਗਿਆ ਜੈਨ

ਕੋਟਕਪੂਰਾ, 13 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਫਰੀਦਕੋਟ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਆਧੁਨਿਕ ਅਤੇ ਜ਼ਮੀਨੀ ਪੱਧਰ ’ਤੇ ਮਜ਼ਬੂਤ ਬਣਾਉਣ ਦੀ ਕਵਾਇਦ ਅਧੀਨ, ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਥਾਣਿਆਂ ਅਤੇ ਚੌਕੀਆਂ ਦੀ ਰੂਪ-ਨੁਹਾਰ ਬਦਲਣ ਦੇ ਉਪਰਾਲੇ ਤੋਂ ਬਾਅਦ ਅੱਜ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ। ਜਿਸ ਤਹਿਤ ਜਿਲ੍ਹਾ ਫਰੀਦਕੋਟ ਦੇ ਸਾਰੇ ਥਾਣਿਆ ਅਤੇ ਚੌਕੀਆਂ ਵਿੱਚ ਤਾਇਨਾਤ ਕਰਮਚਾਰੀਆਂ ਦੇ ਵੈਲਫੇਅਰ ਨੂੰ ਧਿਆਨ ਵਿੱਚ ਰੱਖਦੇ ਹੋਏ ਜਰੂਰੀ ਸਮਾਨ ਦੀ ਵੰਡ ਕੀਤੀ ਗਈ। ਇਹ ਵੰਡ ਮਨਵਿੰਦਰਬੀਰ ਸਿੰਘ ਐਸ.ਪੀ. (ਸਥਾਨਿਕ) ਫਰੀਦਕੋਟ ਦੀ ਨਿਗਰਾਨੀ ਵਿੱਚ ਕੀਤੀ ਗਈ। ਇਸ ਸਮਾਨ ਵਿੱਚ ਮੈਸ ਦੇ ਬਰਤਨਾਂ ਦੇ 14 ਸੈਂਟ, 07 ਕੰਪਿਊਟਰ ਸੈਂਟ, 10 ਅਲਮਾਰੀਆਂ, 07 ਇੰਨਵਰਵਟਰ ਸੈਟ, 20 ਫੋਲਡਰ ਬੈਰੀਗੇਟ, 100 ਪੀਸ ਸੇਫਟੀ ਬੈਟਨ ਅਤੇ 100 ਪੀਸ ਰਿਫਲੈਕਟਰ ਕਰਾਸ ਬਿਲਟ ਸ਼ਾਮਿਲ ਹਨ। ਐਨ.ਡੀ.ਪੀ.ਐਸ. ਐਕਟ ਤਹਿਤ ਡਰੱਗ ਮਾਮਲਿਆਂ ਦੀ ਹੋਰ ਸੁਚਾਰੂ ਜਾਂਚ ਲਈ ਡਰੱਗ ਡਿਟੈਕਸ਼ਨ ਕਿੱਟਾਂ ਦੀ ਵੀ ਵੰਡ ਕੀਤੀ ਗਈ ਹੈ, ਜਿਸ ਨਾਲ ਨਸ਼ੇ ਦੇ ਖਿਲਾਫ ਚੱਲ ਰਹੀ ਲੜਾਈ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਸਬੰਧੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਫਰੀਦਕੋਟ ਪੁਲਿਸ ਸਾਰੇ ਥਾਣਿਆਂ ਅਤੇ ਚੌਕੀਆਂ ਵਿੱਚ ਜਰੂਰੀ ਸੁਧਾਰ ਲਿਆਉਣ ਲਈ ਯਤਨਸ਼ੀਲ ਹੈ, ਜਿਸ ਦੇ ਤਹਿਤ ਲਗਾਤਾਰ ਕੋਸ਼ਿਸ਼ਾ ਜਾਰੀ ਹਨ। ਅਸੀਂ ਸਿਰਫ ਥਾਂਵਾਂ ਦੀ ਨੁਹਾਰ ਨਹੀਂ ਬਦਲੀ, ਸਗੋਂ ਥਾਣਿਆਂ ਵਿੱਚ ਤਾਇਨਾਤ ਕਰਮਚਾਰੀਆਂ ਦੀ ਸੁਵਿਧਾ ਅਤੇ ਕੰਮਕਾਜੀ ਹਾਲਾਤਾਂ ਨੂੰ ਹੋਰ ਵਧੀਆ ਬਣਾਉਣ ਵੱਲ ਧਿਆਨ ਦਿੱਤਾ ਗਿਆ ਹੈ। ਅੱਜ ਜ਼ਿਲ੍ਹੇ ਦੇ ਸਾਰੇ ਥਾਣਿਆਂ ਵਿੱਚ ਬਰਤਨ, ਕੰਪਿਊਟਰ, ਅਲਮਾਰੀਆਂ, ਇਨਵਰਟਰ, ਸੇਫਟੀ ਉਪਕਰਣ ਅਤੇ ਹੋਰ ਜਰੂਰੀ ਸਾਮਾਨ ਵੰਡਿਆ ਗਿਆ ਹੈ। ਇਹ ਸਮਾਨ ਕਰਮਚਾਰੀਆਂ ਦੇ ਰੋਜ਼ਾਨਾ ਕੰਮ ਵਿੱਚ ਸਹੂਲਤ ਪੈਦਾ ਕਰੇਗਾ ਅਤੇ ਥਾਣਾ ਕਾਰਜਸ਼ੈਲੀ ਨੂੰ ਹੋਰ ਸੁਚੱਜਾ ਬਣਾਏਗਾ। ਇਸ ਦੇ ਨਾਲ ਹੀ ਉਹਨਾਂ ਜਿਕਰ ਕੀਤਾ ਕਿ ਨਸ਼ਾ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਡਰੱਗ ਡਿਟੈਕਸ਼ਨ ਕਿੱਟਾਂ ਦੀ ਵੀ ਵੰਡ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਨੂੰ ਮਜ਼ਬੂਤ ਬਣਾਉਣ ਲਈ ਅਜਿਹੇ ਕਦਮ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਪ੍ਰਸ਼ਾਸਨਿਕ ਸੇਵਾਵਾਂ ਮਿਲਦੀਆਂ ਰਹਿਣ।