ਨਸ਼ੇ ਦੀ ਤਸਕਰੀ ਵਿਚ ਸ਼ਾਮਿਲ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ : ਡਾ. ਪ੍ਰਗਿਆ ਜੈਨ

ਕੋਟਕਪੂਰਾ, 7 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਫਰੀਦਕੋਟ ਦੇ ਸਰਕਟ ਹਾਊਸ ਵਿੱਚ ਸੰਪਰਕ ਪ੍ਰੋਗਰਾਮ ਤਹਿਤ ਇੱਕ ਵਿਸੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਇਹ ਮੀਟਿੰਗ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੇ ਅਗਵਾਈ ਵਿੱਚ ਕੀਤੀ ਗਈ। ਇਸ ਵਿੱਚ ਪਬਲਿਕ ਨੇ ਵੱਧ ਚੜ੍ਹ ਕੇ ਭਾਗ ਲਿਆ, ਜਿਸ ਵਿੱਚ ਵੱਖ-ਵੱਖ ਸੰਗਠਨਾਂ ਅਤੇ ਸੰਸਥਾਵਾਂ ਦੀ ਅਹਿਮ ਭਾਗੀਦਾਰੀ ਰਹੀ। ਇਸ ਪ੍ਰੋਜੈਕਟ ਸੰਪਰਕ ਦਾ ਮੁੱਖ ਉਦੇਸ਼ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਹਿਯੋਗ ਅਤੇ ਭਰੋਸੇ ਨੂੰ ਹੋਰ ਮਜਬੂਤ ਕਰਨ ਅਤੇ ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਜਾਰੀ ਜੰਗ ਵਿੱਚ ਉਹਨਾਂ ਨੂੰ ਭਾਗੀਦਾਰ ਬਣਾਉਣਾ। ਇਸ ਮੀਟਿੰਗ ਵਿੱਚ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਵੱਲੋ ਆਪਣੇ ਸੰਬੋਧਨ ਵਿਚ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਪੂਰੀ ਤਰ੍ਹਾ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਸਦੇ ਤਹਿਤ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਜਿਸਦੇ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਮਾੜੇ ਅਨਸਰਾਂ ਨਾਲ ਪੇਸ਼ੇਵਰਾਨਾ ਤਰੀਕੇ ਨਾਲ ਨਜਿੱਠਿਆਂ ਜਾ ਰਿਹਾ ਹੈ ਅਤੇ ਨਸ਼ੇ ਦੀ ਤਸਕਰੀ ਵਿਚ ਸ਼ਾਮਿਲ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਨਸ਼ੇ ਦੇ ਖ਼ਿਲਾਫ਼ ਜੰਗ ਵਿੱਚ ਸਰਗਰਮ ਤੌਰ ’ਤੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਅਤੇ ਕਿਸੇ ਵੀ ਨਸ਼ਾ ਸੰਬੰਧੀ ਗਤੀਵਿਧੀ ਦੀ ਜਾਣਕਾਰੀ ਐਂਟੀ-ਡਰੱਗ ਹੈਲਪਲਾਈਨ 97791-00200 ’ਤੇ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਦੁਹਰਾਇਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਖਾਈ ਵਿੱਚ ਡਿੱਗਣ ਤੋਂ ਬਚਾਉਣਾ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਰਕਾਰ ਨਸ਼ਾ ਮੁਕਤ ਰਾਜ ਦਾ ਸੁਪਨਾ ਹਕੀਕਤ ਵਿੱਚ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਲੜਾਈ ਸਿਰਫ਼ ਸਾਂਝੇ ਜਜ਼ਬੇ ਅਤੇ ਸਮੂਹਕ ਭਾਗੀਦਾਰੀ ਰਾਹੀਂ ਹੀ ਜਿੱਤੀ ਜਾ ਸਕਦੀ ਹੈ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਿੱਚ ਖੇਡਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਖੇਡਾਂ ਨੂੰ ਨਸ਼ਿਆ ਦੇ ਪ੍ਰਭਾਵ ਤੋਂ ਬਚਾਅ ਲਈ ਇਕ ਢਾਲ ਕਰਾਰ ਦਿੰਦੇ ਹੋਏ ਨੌਜਵਾਨਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਖੇਡਾਂ ਅਤੇ ਫਿਟਨੈਸ ਨੂੰ ਸ਼ਾਮਿਲ ਕਰਨ ਦੀ ਪ੍ਰੇਰਣਾ ਦਿੱਤੀ। ਇਸ ਦੌਰਾਨ ਐਸ.ਐਸ.ਪੀ. ਫਰੀਦਕੋਟ ਵੱਲੋਂ ਆਏ ਹੋਏ ਹਾਜਰੀਨ ਨਾਲ ਖੁੱਲੇ ਮੰਚ ਤੇ ਗੱਲਬਾਤ ਵੀ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਪਬਲਿਕ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਚਿੰਤਾਵਾਂ, ਸੁਝਾਵਾਂ ਅਤੇ ਨਸ਼ਿਆਂ ਸਬੰਧੀ ਤਜਰਬਿਆਂ ਨੂੰ ਧਿਆਨ ਨਾਲ ਸੁਣਿਆ ਗਿਆ। ਡਾ. ਪ੍ਰਗਿਆ ਜੈਨ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਹਰ ਪੱਧਰ ’ਤੇ ਨਸ਼ੇ ਦੇ ਰੁਕਾਵੇ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਭੂਮਿਕਾ ਇਸ ਜੰਗ ਵਿੱਚ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਸਿਰਫ ਕਾਨੂੰਨੀ ਪੱਖ ਤੋਂ ਹੀ ਨਹੀਂ, ਸਾਮਾਜਿਕ ਜ਼ਿੰਮੇਵਾਰੀ ਤੌਰ ’ਤੇ ਵੀ ਨਸ਼ਾ ਮੁਕਤੀ ਲਈ ਜੁੱਟੀ ਹੋਈ ਹੈ। ਇਸ ਮੌਕੇ ਮੌਜੂਦ ਪਬਲਿਕ ਖਾਸ ਤੌਰ ’ਤੇ ਮਹਿਲਾਵਾ ਵੱਲੋਂ ਫਰੀਦਕੋਟ ਪੁਲਿਸ ਵਲੋਂ ਨਸ਼ਿਆਂ ਖਿਲਾਫ ਕੀਤੇ ਜਾ ਰਹੇ ਯਤਨਾ ਦੀ ਖੁੱਲੇ ਕੇ ਸ਼ਲਾਘਾ ਵੀ ਕੀਤੀ ਗਈ। ਇਸ ਮੀਟਿੰਗ ਵਿੱਚ ਗ੍ਰਾਮ ਰੱਖਿਆ ਕਮੇਟੀਆਂ (ਵੀ.ਡੀ.ਸੀ.) ਦੇ ਮੈਂਬਰਾਂ, ਮਿਊਸੀਪਲ ਕਾਰਪੋਰੇਸ਼ਨ ਦੇ ਮੈਬਰਾਂ, ਸਮਾਜਿਕ ਆਗੂਆਂ ਅਤੇ ਖਾਸ਼ ਕਰਕੇ ਪਬਲਿਕ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਮਨਵਿੰਦਰਬੀਰ ਸਿੰਘ ਐਸ.ਪੀ. (ਸਥਾਨਕ) ਫਰੀਦਕੋਟ, ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫਰੀਦਕੋਟ ਅਤੇ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਵੀ ਮੌਜੂਦ ਰਹੇ।