ਚੰਗੀ ਕਾਰਗੁਜਾਰੀ ਲਈ ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕਾਂ ਨਾਲ ਸਨਮਾਨਿਤ
ਕੋਟਕਪੂਰਾ, 23 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਵੱਲੋਂ ਸ਼ਾਨਦਾਰ ਡਿਊਟੀ ਨਿਭਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕਾਂ ਲਾ ਕੇ ਸਨਮਾਨਿਤ ਕੀਤਾ ਗਿਆ। ਇਹਨਾ ਕਰਮਚਾਰੀਆ ਵਿੱਚ ਖਾਸ ਤੌਰ ’ਤੇ ਉਹ ਕਰਮਚਾਰੀ ਸ਼ਾਮਿਲ ਸਨ, ਜਿੰਨਾਂ ਨੇ ਨਸ਼ਿਆਂ ਵਿਰੁੱਧ ਵਧੀਆਂ ਕਾਰਗੁਜਾਰੀ ਅਤੇ ਗੰਭੀਰ ਅਪਰਾਧਾਂ ਦੀ ਜਾਂਚ ਦੌਰਾਨ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਸੀ। ਡਾ. ਪ੍ਰਗਿਆ ਜੈਨ ਨੇ ਪੀ.ਸੀ.ਆਰ. ਟੀਮਾਂ ਵਿੱਚ ਤਾਇਨਾਤ ਕਰਮਚਾਰੀਆਂ ਸੀਨੀਅਰ ਸਿਪਾਹੀ ਧਰਮਪਾਲ ਸਿੰਘ, ਸੀਨੀਅਰ ਸਿਪਾਹੀ ਜਗਜੀਤ ਸਿੰਘ ਅਤੇ ਸੀਨੀਅਰ ਸਿਪਾਹੀ ਸੰਦੀਪ ਸਿੰਘ ਨੂੰ ਡੀ.ਜੀ.ਪੀ. ਡਿਸਕ ਲਾ ਕੇ ਹੌਸਲਾ ਅਫਜਾਈ ਕੀਤੀ ਗਈ। ਇਸ ਉਪਰੰਤ ਉਹਨਾ ਵੱਲੋਂ ਇਨਾਮ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਡਿਊਟੀ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਅਤੇ ਮੈਦਾਨੀ ਅਨੁਭਵਾਂ ਨੂੰ ਧਿਆਨ ਨਾਲ ਸੁਣਿਆ ਗਿਆ। ਇਸ ਤਰ੍ਹਾਂ ਦੀ ਖੁਲ੍ਹੀ ਗੱਲਬਾਤ ਨੇ ਕਰਮਚਾਰੀਆਂ ਵਿੱਚ ਵਿਸ਼ਵਾਸ ਦਾ ਮਾਹੌਲ ਪੈਦਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕੰਮ ਪ੍ਰਤੀ ਹੋਰ ਜ਼ਿੰਮੇਵਾਰ ਅਤੇ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕੀਤਾ। ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ. ਨੇ ਡੀ.ਜੀ.ਪੀ. ਗੌਰਵ ਯਾਦਵ ਵਲੋਂ ਫਰੀਦਕੋਟ ਪੁਲਿਸ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਡੀ.ਜੀ.ਪੀ. ਡਿਸਕ ਨਾਲ ਹੌਸਲਾ ਅਫਜਾਈ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਇਨਾਮਾਂ ਨਾਲ ਪੁਲਿਸ ਬਲ ਦਾ ਹੌਂਸਲਾ ਹੋਰ ਬੁਲੰਦ ਹੋਵੇਗਾ ਅਤੇ ਉਹ ਹੋਰ ਵੱਧ ਉਤਸ਼ਾਹ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਹੋਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਪਬਲਿਕ ਵਿੱਚ ਪੁਲਿਸ ਪ੍ਰਸ਼ਾਸਨ ਪ੍ਰਤੀ ਭਰੋਸਾ ਮਜਬੂਤ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਸਨਮਾਨ ਸਮਾਰੋਹਾਂ ਰਾਹੀ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣ ਦੇ ਨਾਲ-ਨਾਲ ਉਹਨਾਂ ਨੂੰ ਅੱਗੇ ਵੀ ਆਪਣੀ ਡਿਊਟੀ ਨੂੰ ਹੋਰ ਬਿਹਤਰ ਢੰਗ ਨਾਲ ਨਿਭਾਉਣ ਲਈ ਵੀ ਪ੍ਰੇਰਨਾ ਮਿਲਦੀ ਹੈ। ਉਸ ਉਪਰੰਤ ਇਨਾਮ ਹਾਸਿਲ ਕਰਨ ਵਾਲੇ ਕਰਮਚਾਰੀਆਂ ਵੱਲੋਂ ਗੌਰਵ ਯਾਦਵ ਡੀ.ਜੀ.ਪੀ. ਅਤੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ ਇਨਾਮ ਹੀ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਹੈ ਜੋ ਸਾਨੂੰ ਹਰ ਸਮੇਂ ਵਧੀਏ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ।