ਸਾਨੂੰ ਲੋੜਵੰਦ ਅਤੇ ਗਰੀਬ ਲੋਕਾਂ ਦੀ ਕਰਨੀ ਚਾਹੀਦੀ ਹੈ ਮੱਦਦ : ਡਾਇਰੈਕਟਰ ਧਵਨ ਕੁਮਾਰ

ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਰਤ ਕਰੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਹੈ। ਸੋ ਆਪਣੇ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਰਾਹ ‘ਤੇ ਚੱਲਣ ਲਈ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂl ਪਰਉਪਕਾਰੀ, ਰਹਿਨੁਮਾਈ ਦੀਆਂ ਲੀਹਾਂ ‘ਤੇ ਚਲਦੇ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ, ਵਿਦਿਆਰਥੀਆਂ ਦੀ ਅਗਵਾਈ ਕਰਦੇ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਵੱਲੋਂ ਹਰ ਮਹੀਨੇ ਦੇ ਅੰਤਲੇ ਸ਼ਨੀਵਾਰ ਲਈ ਇੱਕ ਸਰਾਹਨਯੋਗ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈl *’ਰੋਟੀ ਬੈਂਕ’* ਦੇ ਨਾਂਅ ਦਾ ਇਹ ਪ੍ਰੋਜੈਕਟ ਅਪ੍ਰੈਲ ਮਹੀਨੇ ਤੋਂ ਸ਼ੁਰੂ ਕੀਤਾ ਗਿਆ, ਕਿਉਂਕਿ ਅਜੋਕੇ ਸਮੇਂ ਵਿੱਚ ਵੱਧਦੀ ਮਹਿੰਗਾਈ ਦੀ ਮਾਰ ਕਾਰਨ ਸਾਡੇ ਸਮਾਜ ਦਾ ਪਛੜਾ ਵਰਗ ਰੋਟੀ ਤੋਂ ਵੀ ਮਜਬੂਰ ਅਤੇ ਬੇਵੱਸ ਹੈl ਸਕੂਲ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਬੱਚਿਆਂ ਦੇ ਹੱਥ ਦੋ ਰੋਟੀਆਂ ਤੇ ਨਾਲ ਸੁੱਕੀ ਸਬਜ਼ੀ ਜ਼ਰੂਰ ਭੇਜਣl ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਮਰਥਨ ਕੀਤਾ ਅਤੇ ਸਾਰੇ ਹੀ ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆl ਇਸ ਤਰੀਕੇ ਨਾਲ ਬੱਚਿਆਂ ਦੁਆਰਾ ਇਕੱਠੇ ਕੀਤੇ ਗਏ ਭੋਜਨ ਨੂੰ ਨਾਨਕਸਰ ਵਿਖ਼ੇ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਲੋੜਵੰਦ ਵਰਗ ਦੇ ਲੋਕਾਂ ਨੂੰ ਵੰਡਿਆ ਗਿਆl ਸਕੂਲ ਵੱਲੋਂ ਕੀਤੀ ਗਈ ਇਹ ਨਿੱਕੀ ਜਿਹੀ ਕੋਸ਼ਿਸ਼ ਕਿਸੇ ਦੇ ਪੇਟ ਦੀ ਭੁੱਖ ਮਿਟਾਉਣ ਲਈ ਬਹੁਤ ਵੱਡੀ ਦਿਆਨਤਦਾਰੀ ਸਾਬਿਤ ਹੋਈl ਜਿੱਥੇ ਇਸ ਗਤੀਵਿਧੀ ਨਾਲ ਬੱਚਿਆਂ ਅੰਦਰ ਦਿਆ, ਪਰਉਪਕਾਰੀ ਅਤੇ ਸੇਵਾ ਭਾਵਨਾ ਪੈਦਾ ਹੋਈ, ਉੱਥੇ ਹੀ ਨਾਲ ਲੱਗਦੇ ਪਿੰਡਾਂ ਨੇ ਇਸ ਪਹਿਲ਼ਕਦਮੀ ਦੀ ਬਹੁਤ ਸਰਾਹਨਾ ਕੀਤੀ l ਮਾਪਿਆਂ ਵੱਲੋਂ ਇਸ ਸਬੰਧ ਵਿੱਚ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਗਿਆ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਅੰਦਰ ਸੰਸਕਾਰ ਅਤੇ ਦਿਆਲਤਾ ਪੈਦਾ ਕਰਨ ਵਿੱਚ ਸਹੀ ਸਿੱਧ ਹੋਣਗੀਆਂl ਨਾਲ ਹੀ ਨਾਲ ਭਵਿੱਖ ਵਿੱਚ ਅਜਿਹੀਆਂ ਸ਼ਲਾਘਾਯੋਗ ਗਤੀਵਿਧੀਆਂ ਕਰਾਉਣ ਦਾ ਸਮਰਥਨ ਕੀਤਾ।