ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਉਹਨਾਂ ਦੀ ਮੰਜ਼ਿਲ ਉੱਤੇ ਸਫ਼ਲਤਾ ਖੁਦ ਉਹਨਾਂ ਦੀ ਉਡੀਕ ਕਰਦੀ ਹੈ : ਡਾ. ਧਵਨ ਕੁਮਾਰ
ਕੋਟਕਪੂਰਾ, 16 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਇਮਤਿਹਾਨਾਂ ਵਿੱਚ 100% ਨਤੀਜਾ ਹਾਸਲ ਕਰਕੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਕੇ ਵਿਦਿਆ ਦੀ ਦੁਨੀਆ ਵਿੱਚ ਇੱਕ ਨਵਾਂ ਮਾਪਦੰਡ ਸੈੱਟ ਕੀਤਾ ਹੈ। ਸਾਰੇ ਵਿਦਿਆਰਥੀਆਂ ਨੇ ਇਮਤਿਹਾਨਾਂ ਵਿੱਚ ਉੱਤਮ ਦਰਜੇ ਦੇ ਅੰਕ ਪ੍ਰਾਪਤ ਕੀਤੇ। ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿੱਥੇ ਦਸਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਸਰਾਂ ਵੱਲੋਂ 94% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਗਿਆ, ਉੱਥੇ ਹੀ ਨਿਰੰਜਨ ਸਿੰਘ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਗਿੱਲ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦਾ ਨਤੀਜਾ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਸਾਇੰਸ ਸਟਰੀਮ ਵਿੱਚੋਂ ਮਨਪ੍ਰੀਤ ਕੌਰ ਨੇ 88% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਗਗਨਦੀਪ ਕੌਰ ਨੇ ਦੂਜਾ ਅਤੇ ਜਸਕਰਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਜਿੱਥੇ ਕਮਰਸ ਸਟਰੀਮ ਵਿੱਚੋਂ ਵੀਰਪਾਲ ਕੌਰ ਨੇ 72% ਅੰਕ ਪ੍ਰਾਪਤ ਕਰਕੇ ਪਹਿਲਾ, ਗੁਰਲੀਨ ਕੌਰ ਸੰਧੂ ਨੇ ਦੂਜਾ ਅਤੇ ਪ੍ਰਿੰਸ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ, ਉੱਥੇ ਹੀ ਆਰਟਸ ਸਟਰੀਮ ਵਿੱਚੋਂ ਗੁਰਵਿੰਦਰ ਸਿੰਘ ਨੇ 90% ਅੰਕਾਂ ਨਾਲ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਅਕਾਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕਰਕੇ ਆਪਣਾ ਪਰਚਮ ਲਹਿਰਾਇਆ। ਇਸ ਖੁਸ਼ੀ ਦੇ ਮਾਹੌਲ ‘ਤੇ ਸਕੂਲ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੱਦ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਡਾਇਰੈਕਟਰ/ਪ੍ਰਿੰਸੀਪਲ ਡਾ. ਧਵਨ ਕੁਮਾਰ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਮਾਪਿਆਂ ਨੂੰ ਜਿੱਥੇ ਜੀ ਆਇਆਂ ਕਿਹਾ ਗਿਆ, ਉੱਥੇ ਹੀ ਚੰਗੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਗਲਾਂ ਵਿੱਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਧਵਨ ਕੁਮਾਰ ਜੀ ਨੇ ਦੱਸਿਆ ਕਿ ਇਹ ਸਫ਼ਲਤਾ ਅਧਿਆਪਕਾਂ ਦੀ ਲਗਾਤਾਰ ਮਿਹਨਤ, ਵਿਦਿਆਰਥੀਆਂ ਦੀ ਨਿਸ਼ਠਾ ਅਤੇ ਮਾਪਿਆਂ ਦੇ ਸਹਿਯੋਗ ਨਾਲ ਸੰਭਵ ਹੋਈ ਹੈ। ਜਿੱਥੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਵਾਲੇ ਨਾਮੀ ਵਿਦਿਆਰਥੀਆਂ ਨੂੰ ਸੋਨ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਉਹਨਾਂ ਆਪਣੇ ਨਿੱਘੇ ਸ਼ਬਦਾਂ ਨਾਲ ਆਏ ਹੋਏ ਮਾਪਿਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਨਾਲ ਹੀ ਨਾਲ ਅਧਿਆਪਕਾਂ ਨੂੰ ਹੋਰ ਮਿਹਨਤ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ। ਉਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਉਹਨਾਂ ਦੀ ਮੰਜ਼ਿਲ ਉੱਤੇ ਸਫਲਤਾ ਖੁਦ ਉਹਨਾਂ ਦੀ ਉਡੀਕ ਕਰਦੀ ਹੈ। ਇਹਨਾਂ ਨਿੱਘ ਭਰੇ ਸ਼ਬਦਾਂ ਦੇ ਨਾਲ ਬੱਚਿਆਂ ਨੂੰ ਦੁਆਵਾਂ ਦਿੰਦੇ ਹੋਏ ਅਖੀਰ ਵਿੱਚ ਸਾਰੇ ਵਿਦਿਆਰਥੀਆਂ, ਮਾਪਿਆਂ ਨੂੰ ਨਿੱਘੀ ਪਾਰਟੀ ਦਿੱਤੀ ਗਈ ਅਤੇ ਸਮੂਹ ਸਟਾਫ ਅਤੇ ਕਰਮਚਾਰੀ ਵਰਗ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਅਖੀਰ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉੱਚੀਆਂ ਉਡਾਣਾਂ ਭਰਨ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿੱਦਿਆ ਦੇ ਖੇਤਰ ਵਿੱਚ ਲਗਾਤਾਰ ਪ੍ਰਾਪਤੀਆਂ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਉੱਚੀਆਂ ਉਪਲਬਧੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।