ਚੰਡੀਗੜ੍ਹ 5 ਮਾਰਚ (ਵਰਲਡ ਪੰਜਾਬੀ ਟਾਈਮਜ਼ )
ਐੱਸ ਸੀ/ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ ਯੂ ਟੀ ਗੈਸਟ ਹਾਊਸ ਚੰਡੀਗੜ੍ਹ ਵਿਖੇ ਸ੍ਰੀ ਅਸ਼ੋਕ ਮਕਵਾਨਾ ਚੇਅਰਮੈਨ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਭਾਰਤ ਸਰਕਾਰ ਨੂੰ ਮਿਲਿਆ। ਵਫ਼ਦ ਵਿੱਚ ਬਲਜੀਤ ਸਿੰਘ ਸਲਾਣਾ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀ ਪੁਰ, ਮੀਤ ਪ੍ਰਧਾਨ ਪਰਵਿੰਦਰ ਭਾਰਤੀ ਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਸ਼ਾਮਲ ਸਨ। ਸਲਾਣਾ ਨੇ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਵਿੱਚ ਹਰ ਤਰ੍ਹਾਂ ਦੀ ਜਿਵੇਂ 4161,2364,6635, 5994 ਈਟੀਟੀ ਭਰਤੀ ਪ੍ਰਕਿਰਿਆ ਦੌਰਾਨ ਰੀਜ਼ਰਵੇਸ਼ਨ ਪਾਲਿਸੀ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਜ਼ੋ ਹਰ ਭਰਤੀ ਚ ਬਾ ਦਸਤੂਰ ਜਾਰੀ ਹੈ।ਉੱਚ ਮੈਰਿਟ ਵਾਲੇ ਉਮੀਦਵਾਰਾਂ ਨੂੰ ਓਪਨ ਕੈਟਾਗਰੀ ਵਿੱਚ ਸ਼ਾਮਿਲ ਨਾ ਕਰਕੇ ਜਾਣ ਬੁੱਝ ਕੇ ਐੱਸ ਸੀ ਬੀ ਸੀ ਸਮਾਜ ਨੂੰ ਬਣਦੇ ਸਵਿਧਾਨਕ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਕਿਸੇ ਵੀ ਭਰਤੀ ਚ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਵੱਲੋਂ ਜਾਰੀ ਪੱਤਰਾਂ, ਆਰ ਕੇ ਸੱਭਰਵਾਲ ਜੱਜ ਮੇਂਟ ਸਮੇਤ ਐਸ ਸੀ ਬੀ ਸੀ ਮੁਲਾਜ਼ਮਾਂ ਦੇ ਹੱਕ ਆਏ ਕੋਰਟ ਦੇ ਫੈਸਲਿਆ ਨੂੰ ਸਹੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਵਖ ਵਖ ਭਰਤੀਆਂ ਚ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾ ਰਹੀ । ਜੇਕਰ ਮੈਰਿਟ ਸੂਚੀ ਜਾਰੀ ਕੀਤੀ ਜਾਂਦੀ ਹੈ ਤਾਂ ਉਹ ਅੱਧ ਅਧੂਰੀ ਜਾਂ ਟੁੱਟਵੀਂ ਮੈਰਿਟ ਸੂਚੀ ਜਾਰੀ ਕਰਕੇ ਰਿਜ਼ਰਵ ਸ੍ਰੇਣੀਆਂ ਦੇ ਉਮੀਦਵਾਰਾਂ ਨੂੰ ਭਰਤੀਆਂ ਦੀ ਮੈਰਿਟ ਸੂਚੀ ਚ ਪਿੱਛੇ ਕਰ ਦਿੱਤਾ ਗਿਆ ਹੈ। ਪੰਜਾਬ ਚ 85ਵੀਂ ਸਵਿਧਾਨਕ ਸੋਧ ਨੂੰ ਲਾਗੂ ਨਾ ਕਰਕੇ ਐੱਸ ਸੀ ਉਮੀਦਵਾਰਾਂ ਦੇ ਸਵਿਧਾਨਕ ਹੱਕਾਂ ਦੀ ਲੁੱਟ ਕੀਤੀ ਜਾ ਰਹੀ ਹੈ।ਦੁੱਗਾਂ, ਨਬੀਪੁਰ ਤੇ ਭਾਰਤੀ ਨੇ ਵੱਖ ਵੱਖ ਵਿਭਾਗਾਂ ਦੇ ਰੋਸਟਰ ਰਜਿਸਟਰਾਂ ਦੀਆਂ ਖਾਮੀਆਂ ਕਮਿਸ਼ਨ ਅੱਗੇ ਰੱਖੀਆਂ। ਪੰਜਾਬ ਚ ਹਰ ਵਿਭਾਗ ਵੱਲੋਂ ਗਲਤ ਰੋਸਟਰ ਰਜਿਸਟਰਾਂ ਨੂੰ ਪ੍ਰਵਾਨ ਕਰਵਾ ਕੇ ਕੀਤੇ ਜਾਂਦੇ ਧੱਕੇ ਬਾਰੇ ਵੀ ਦੱਸਿਆ।ਜਿਸ ਕਾਰਨ ਵੱਡੀ ਗਿਣਤੀ ਵਿੱਚ ਐੱਸ ਸੀ ਉਮੀਦਵਾਰ ਤਰੱਕੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਜਿਸ ਦੀ ਤਾਜ਼ਾ ਮਿਸਾਲ 2024 ਦੌਰਾਨ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਕੀਤੀਆਂ ਗਈਆਂ ਤਰੱਕੀਆਂ ਵੇਲੇ ਸਾਹਮਣੇ ਆਇਆ ਹੈ। ਯੂਨੀਅਨ ਆਗੂਆਂ ਵੱਲੋਂ ਕਮਿਸ਼ਨ ਸਹਮਣੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਅੰਗਰੇਜ਼ੀ, ਮੈਥੇਮੈਟਿਕਸ ਤੇ ਬਾਇਓਲੋਜੀ ਵਿਸ਼ਿਆਂ ਚ ਜੱਥੇਬੰਦੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਕੱਢ ਕੇ ਦਿੱਤੇ ਗਏ ਬੈਕਲੋਗ ਤੇ ਇਸ ਨਾਲ ਸੰਬਧੀ ਅੰਕੇੜਿਆਂ ਤੇ ਅਜੇ ਤਕ ਇਸ ਬਾਕਲੋਗ ਪੋਸਟਾਂ ਤੇ ਤਰੱਕੀਆਂ ਕਰਨ ਦੀ ਕੋਈ ਵੀ ਕਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।ਵਫ਼ਦ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਸਮੇਂ ਸਿਰ ਜਾਰੀ ਨਾ ਕਰਕੇ ਵਿਦਿਆਰਥੀਆਂ ਦੀ ਹੁੰਦੀ ਖੱਜਲਖੁਆਰੀ ਨੂੰ ਵੀ ਕਮਿਸ਼ਨ ਅੱਗੇ ਰੱਖਿਆ। ਆਗੂਆਂ ਵਲੋਂ ਚਮਕੌਰ ਸਾਹਿਬ ਦੇ ਨਜ਼ਦੀਕ ਪਿੰਡ ਕੰਧੋਲੇ ਦੀ ਧੀ ਨਾਲ਼ ਪਿੰਡ ਦੇ ਸਰਪੰਚ ਵਲੋਂ ਕੀਤੇ ਕੁਕਰਮ ਤੇ ਪੁਲਿਸ ਤੇ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਕਮਿਸ਼ਨ ਅੱਗੇ ਰੱਖੀ ਤੇ ਧੀ ਲਈ ਨਿਆ ਦੀ ਮੰਗ ਕੀਤੀ। ਇਸ ਤੋਂ ਇਲਾਵਾ ਵਫ਼ਦ ਨੇ ਕਮਿਸ਼ਨ ਨੂੰ ਮੰਗ ਪੱਤਰ ਵੀ ਸੌਂਪਿਆ। ਜਿਸ ਵਿੱਚ ਜਾਅਲੀ ਐੱਸ ਸੀ ਸਰਟੀਫਿਕੇਟ ਬਣਾਉਣ ਵਾਲੇ ਅਧਿਕਾਰੀਆਂ ਤੇ ਗਲਤ ਰੋਸਟਰ ਰਜਿਸਟਰ ਤਿਆਰ ਕਰਨ ਵਾਲਿਆਂ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਐਟਰੋ ਸਿਟੀ ਐਕਟ ਤਹਿਤ ਪਰਚਾ ਦਰਜ ਕਰਨ, ਮਜ਼ਦੂਰਾਂ ਤੇ ਨਰੇਗਾ ਕਾਮਿਆਂ ਦੇ ਕਰਜ਼ੇ ਮੁਆਫ਼ ਕਰਨ ਤੇ ਐੱਸ ਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਾਸ਼ੀ ਵਧਾ ਕੇ ਸਮੇਂ ਸਿਰ ਜਾਰੀ ਕਰਨ , ਆਦਿ ਮੁੱਦੇ ਸ਼ਾਮਲ ਸਨ। ਇਸ ਸਮੇਂ ਕੁਲਵਿੰਦਰ ਸਿੰਘ ਝੱਲੀਆਂ, ਕੁਲਵਿੰਦਰ ਸਿੰਘ ਬਿੱਟੂ ਤੇ ਹਰਜਿੰਦਰ ਸਿੰਘ ਅਰਜ਼ ਵੀ ਹਾਜ਼ਰ ਸਨ।