ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰਦੁਆਰਾ ਗੁਰੂ ਨਾਨਕ ਦੇਵ ਸਦਨ ਪੰਜਗਰਾੲੀਂ ਕਲਾਂ ਵਿਖੇ ਬੰਦੀਛੋੜ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗਿਆਨੀ ਅਵਤਾਰ ਸਿੰਘ ਵੱਲੋਂ ਸੰਗਤਾਂ ਨਾਲ਼ ਗੁਰ-ਇਤਿਹਾਸ ਅਤੇ ਗੁਰਬਾਣੀ ਵਿਚਾਰ ਦੀ ਕਥਾ ਕੀਤੀ ਗਈ। ਉਨ੍ਹਾਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ਼ ਜੁੜ ਕੇ ਗੁਰਮੁਖਿ ਗਾਡੀ ਰਾਹ ਦੇ ਪਾਂਧੀ ਬਣਨ ਦੀ ਅਪੀਲ ਕੀਤੀ। ਸਮਾਗਮ ਦੀ ਸਮਾਪਤੀ ਮੌਕੇ ਗਿਆਨੀ ਅਵਤਾਰ ਸਿੰਘ ਵੱਲੋਂ 50 ਦੇ ਕਰੀਬ ਕੇਸਧਾਰੀ ਬੱਚਿਆਂ, ਜਿੰਨ੍ਹਾਂ ਵਿੱਚ 6 ਬੱਚੀਆਂ ਅੰਮ੍ਰਿਤਧਾਰੀ ਸਨ, ਦਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਪਤਿਤਪੁਣੇ ਦੀ ਚੱਲ ਰਹੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਆਪਣੇ ਬੱਚਿਆਂ ਦੇ ਕੇਸ ਰੱਖ ਕੇ ਸਿੱਖੀ ਸਰੂਪ ’ਚ ਸ਼ਾਮਲ ਕਰਵਾਉਣ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਵਕ ਸਿੰਘ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਗਸੀਰ ਸਿੰਘ ਔਲਖ ਵੱਲੋਂ ਪ੍ਰਚਾਰਕ ਗਿਆਨੀ ਅਵਤਾਰ ਸਿੰਘ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਗਰ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
