ਪੰਜਵੀਂ ਦੀ ਵਿਦਿਆਰਥਣ ਹਰਲੀਨ ਕੌਰ ਅਤੇ 11ਵੀਂ ਜਮਾਤ ਦੀ ਵਿਦਿਆਰਥਣ ਪ੍ਰਵੀ ਨੇ ਜਿੱਤਿਆ “ਮਿਸ ਤੀਜ” ਦਾ ਖਿਤਾਬ

ਕੋਟਕਪੂਰਾ, 19 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਅਜਿਹਾ ਕੋਈ ਮਹੀਨਾ ਨਹੀਂ, ਜਿਸ ਵਿੱਚ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ, ਦੇਸੀ ਮਹੀਨਾ ਸਾਉਣ ਚੜਦੇ ਹੀ ਪੰਜਾਬ ਦੀਆਂ ਮੁਟਿਆਰਾਂ ਦੇ ਦਿਲਾਂ ’ਚ ਸਰੂਰ ਭਰ ਜਾਂਦਾ ਹੈ, ਕਿਉਂਕਿ ਸਾਉਣ ਮਹੀਨੇ ਵਿੱਚ ਕੁੜੀਆਂ ਅਤੇ ਵਿਆਂਹਦੜਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ, ਤਿਉਹਾਰਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਐਸ ਬੀ ਆਰ ਐਸ ਗੁਰੂਕੁਲ ਸਕੂਲ ਵਿੱਚ ਤੀਆਂ ਦੇ ਤਿਉਹਾਰ ਨੂੰ ਬੜੇ ਪੈਮਾਨੇ ’ਤੇ ਮਨਾਇਆ ਗਿਆ। ਇਸ ਵਿਸ਼ੇਸ਼ ਦਿਨ ਦੀ ਖੁਸ਼ੀ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ। ਸਾਰੇ ਵਿਦਿਆਰਥੀ ਕਈ ਦਿਨਾਂ ਤੋਂ ਇਸ ਤਿਉਹਾਰ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ। ਪ੍ਰੋਗਰਾਮ ਦਾ ਆਗਾਜ਼ ਸਕੂਲ ਮੁਖੀ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਦੇ ਦਿਲਕਸ਼ ਭਾਸ਼ਣ ਨਾਲ ਕੀਤਾ ਗਿਆ। ਉਹਨਾਂ ਇਸ ਖੁਸ਼ੀ ਦੇ ਮੌਕੇ ਵਿਚਾਰ ਸਾਂਝੇ ਕਰਦਿਆਂ ਸਾਉਣ ਮਹੀਨੇ ਦੇ ਤਿਉਹਾਰ ਦੀਆਂ ਸਾਰੀਆਂ ਬੱਚੀਆਂ ਨੂੰ ਵਧਾਈਆਂ ਦਿੰਦਿਆਂ ਤੀਆਂ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਦਿਨ ਕੁੜੀਆਂ ਦੀ ਖੁਸ਼ਹਾਲੀ ਅਤੇ ਸਮਾਜਿਕ ਤਾਲ-ਮੇਲ ਨੂੰ ਉਜਾਗਰ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਵਿਦਿਆਰਥੀਆਂ ਨੇ ਰਵਾਇਤੀ ਪੋਸ਼ਾਕਾਂ ’ਚ ਪੰਜਾਬੀ ਪਹਿਰਾਵੇ ਦੀ ਪ੍ਰਦਰਸ਼ਨੀ ਕਰਦਿਆਂ ਇਸ ਤੀਆਂ ਦੇ ਤਿਉਹਾਰ ਦੀ ਰੌਣਕ ਨੂੰ ਵਧਾਇਆ। ਸਮਾਰੋਹ ਦੇ ਦੌਰਾਨ, ਵਿਦਿਆਰਥੀਆਂ ਨੇ ਗਾਣੇ, ਗਿੱਧਾ, ਭੰਗੜਾ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ, ਜੋ ਕਿ ਸਕੂਲ ਦੇ ਚੌਗਿਰਦੇ ’ਚ ਖਾਸ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਲਿਆਉਣ ਵਾਲੀ ਸੀ। ਰਵਾਇਤੀ ਪਹਿਰਾਵਿਆਂ ਵਿੱਚ ਸੱਜ ਧੱਜ ਕੇ ਆਈਆਂ ਮੁਟਿਆਰਾਂ ਵਿੱਚ ‘ਮਿਸ ਤੀਜ’ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਪੱਖਾਂ ਜਿਵੇਂ ਪੰਜਾਬੀ ਪਹਿਰਾਵਾ, ਉਹਨਾਂ ਦੇ ਹੁਨਰ ਨੂੰ ਪਰਖਣ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰਸ਼ਨ ਵੀ ਪੁੱਛੇ ਗਏ, ਇਹਨਾਂ ਸਭ ਪੜਾਵਾਂ ਨੂੰ ਪਾਰ ਕਰਦੇ ਹੋਏ ਜਮਾਤ ਪੰਜਵੀਂ ’ਚੋਂ ਵਿਦਿਆਰਥਣ ਹਰਲੀਨ ਕੌਰ ਅਤੇ ਜਮਾਤ ਗਿਆਰਵੀਂ ’ਚੋਂ ਵਿਦਿਆਰਥਣ ਪ੍ਰਵੀ ਨੇ ‘ਮਿਸ ਤੀਜ’ ਦਾ ਖਿਤਾਬ ਜਿੱਤਿਆ। ਇਸ ਮੌਕੇ ਪਿ੍ਰੰਸੀਪਲ ਧਵਨ ਕੁਮਾਰ ਨੇ ਜੇਤੂ ਵਿਦਿਆਰਥਣਾਂ ਨੂੰ ਤੋਹਫਿਆਂ ਨਾਲ ਨਿਵਾਜਿਆ ਅਤੇ ਭਵਿੱਖ ’ਚ ਹਰ ਖੇਤਰ ’ਚ ਮੱਲਾਂ ਮਾਰਨ ਲਈ ਪ੍ਰੇਰਿਤ ਕਰਦਿਆਂ ਇਸ ਦਿਨ ਨੂੰ ਇੱਕ ਯਾਦਗਾਰ ਬਣਾਉਂਦਿਆਂ ਸਾਰੇ ਬੱਚਿਆਂ ਨੂੰ ਤੀਆਂ ਦੀਆਂ ਮੁਬਾਰਕਾਂ ਦਿੰਦਿਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

