‘ਮਿਸ ਤੀਜ’ ਮੁਕਾਬਲੇ ਵਿੱਚ ਜੇਤੂਆਂ ਰਹਿਣ ਵਾਲੀਆਂ ਵਿਦਿਆਰਥਣਾ ਨੂੰ ਕੀਤਾ ਗਿਆ ਸਨਮਾਨ
ਪੰਜਾਬ ਸਾਡਾ ਅਮੀਰ ਸੱਭਿਆਚਾਰ ਦਾ ਮਾਲਕ ਹੈ : ਪਿ੍ਰੰਸੀਪਲ ਨਸੀਮ ਬਾਨੋ
ਕੋਟਕਪੂਰਾ, 9 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਦੀ ਨਾਮੀ ਸੰਸਥਾ ਐੱਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿੱਚ ਤੀਜ ਦਾ ਰਵਾਇਤੀ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ਵਿੱਚ ਰੰਗ-ਬਿਰੰਗੀਆਂ ਸਜਾਵਟਾਂ, ਲੋਕ-ਗੀਤਾਂ ਤੇ ਖੁਸ਼ੀਆਂ ਭਰਪੂਰ ਮਹੌਲ ਨਾਲ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਤੀਜ ਦੀ ਰਸਮਾਂ ਨੂੰ ਮਨਾਇਆ। ਜਮਾਤ ਨਰਸਰੀ ਤੋਂ ਬਾਰਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਗਿੱਧਾ, ਭੰਗੜਾ, ਲੋਕ ਗੀਤ ਅਤੇ ਹੋਰ ਲੋਕ ਨਾਚਾਂ ਨਾਲ ਇਸ ਤਿਉਹਾਰ ਨੂੰ ਚਾਰ ਚੰਨ ਲਾਏ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ‘ਮਿਸ ਤੀਜ’ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਆਪਣੇ ਰਵਾਇਤੀ ਪਹਿਰਾਵੇ, ਪੰਜਾਬੀ ਸੱਭਿਆਚਾਰ ਨਾਲ ਸਬੰਧਤ ਗਹਿਣੇ ਗੱਟੇ ਪਾ ਕੇ ਵਿਸ਼ਵਾਸ਼ ਅਤੇ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ। ਇਸ ਮੁਕਾਬਲੇ ਵਿੱਚ ਸਾਰੀਆਂ ਵਿਦਿਆਰਥਣਾ ਨੇ ਆਪਣੇ ਹੁਨਰ ਅਤੇ ਜੋਸ਼ ਨਾਲ ਪੇਸ਼ਕਾਰੀ ਕਰਦਿਆਂ ਮੁਕਾਬਲਾ ਜਿੱਤਣ ਦੀ ਪੂਰਨ ਕੋਸ਼ਿਸ਼ ਕੀਤੀ। ਜਿਸ ਦੇ ਚੱਲਦੇ ਨਿਰਧਾਰਤ ਕੀਤੇ ਜੱਜ ਸਾਹਿਬਾਨਾਂ ਦੇ ਫੈਸਲੇ ਮੁਤਾਬਿਕ ਇਸ ਮੁਕਾਬਲੇ ਵਿੱਚ ਗੁਰਅਸੀਸ ਕੌਰ, ਤਨਸੀਰਤ ਕੌਰ ਅਤੇ ਨਵਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਸ ਤੀਜ ਦਾ ਖਿਤਾਬ ਜਿੱਤਿਆ। ਇਸ ਸਮੇਂ ਪਿ੍ਰੰਸੀਪਲ ਮੈਡਮ ਨਸੀਮ ਬਾਨੋ ਜੀ ਨੇ ਦੱਸਿਆ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਮਿਸ ਤੀਜ ਮੁਕਾਬਲਾ ਜਿੱਤਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ, ਉੱਥੇ ਹੀ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਕਾਰਜਕ੍ਰਮ ਦਾ ਸਮਾਪਨ ਲੋਕ-ਨਾਚ, ਗੀਤਾਂ ਅਤੇ ਖੁਸ਼ਹਾਲੀ ਦੀਆਂ ਕਾਮਨਾਵਾਂ ਨਾਲ ਕੀਤਾ ਗਿਆ। ਗੁਰੂਕੁਲ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਰਵਾਇਤਾਂ ਨਾਲ ਜੋੜਨ ਲਈ ਪ੍ਰਤੀਬੱਧ ਹੈ। ਪਿ੍ਰੰਸੀਪਲ ਮੈਡਮ ਨਸੀਮ ਬਾਨੋ ਜੀ ਨੇ ਵਧਾਈ ਦਿੰਦਿਆਂ ਕਿਹਾ ਕਿ ਹਰ ਤਿਉਹਾਰ ਸਾਡੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਲੈ ਕੇ ਆਉਂਦਾ ਹੈ, ਸਾਨੂੰ ਸਾਰਿਆਂ ਨੂੰ ਖੁਸ਼ੀ-ਖੁਸ਼ੀ ਅਤੇ ਚਾਵਾਂ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਅਮੀਰ ਸੱਭਿਆਚਾਰ ਦਾ ਮਾਲਕ ਹੈ, ਸਾਨੂੰ ਹਮੇਸ਼ਾਂ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਸਕੂਲ ਹਮੇਸ਼ਾਂ ਅਜਿਹੇ ਸੱਭਿਆਚਾਰਕ ਸਮਾਗਮ ਕਰਵਾਉਂਦਾ ਰਹਿੰਦਾ ਹੈ, ਤਾਂ ਜੋ ਵਿਦਿਆਰਥੀ ਆਧੁਨਿਕ ਸਿੱਖਿਆ ਦੇ ਨਾਲ-ਨਾਲ ਆਪਣੀਆਂ ਪ੍ਰੰਪਰਾਵਾਂ ਨੂੰ ਵੀ ਜਾਣ ਸਕਣ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਸਕੂਲ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।