ਕੋਟਕਪੂਰਾ, 15 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਵਿਖੇ 22 ਰਾਜਾਂ ਦੇ ਗੱਤਕੇ ਦੇ ਹੋਏ ਕੌਮੀ ਪੱਧਰੀ ਮੁਕਾਬਲੇ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਖੋਜਦੀਪ ਕੌਰ ਸਪੁੱਤਰੀ ਬਲਤੇਜ ਸਿੰਘ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਜਸਨੂਰ ਸਿੰਘ ਸਪੁੱਤਰ ਨਵਪ੍ਰੀਤ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਪੰਜਾਬ, ਜ਼ਿਲ੍ਹੇ, ਇਲਾਕੇ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਬੱਚਿਆਂ ਦੀ ਇਸ ਪ੍ਰਾਪਤੀ ’ਤੇ ਬੱਚਿਆਂ, ਕੋਚ ਸਾਹਿਬਾਨਾਂ, ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੈਸ਼ਨਲ ਵਿੱਚ ਗੋਲਡ ਮੈਡਲ ਜਿੱਤਣਾ ਸਾਡੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ। ਇਸ ਮੌਕੇ ਜ਼ਿਲ੍ਹਾ ਗੱਤਕਾ ਐਸ਼ੋਸੀਏਸ਼ਨ ਦੇ ਪ੍ਰਧਾਨ ਕੁਲਤਾਰ ਸਿੰਘ ਬਰਾੜ ਸਾਬਕਾ ਚੇਅਰਮੈਨ ਨੇ ਕਿਹਾ ਕਿ ਕੋਚ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਬੱਚਿਆਂ ਨੇ ਇਹ ਮੁਕਾਮ ਹਾਸਲ ਕੀਤਾ, ਜੋ ਸਾਡੇ ਇਲਾਕੇ ਅਤੇ ਡਰੀਮਲੈਂਡ ਸਕੂਲ ਲਈ ਸ਼ਾਨ ਵਾਲੀ ਗੱਲ ਹੈ। ਇਸ ਮੌਕੇ ਵਾਹਿਗੁਰੂ ਸਿਮਰਨ ਕੇਂਦਰ ਵੱਲੋਂ ਬਲਤੇਜ ਸਿੰਘ ਖਾਲਸਾ, ਪ੍ਰਿ੍ਰੰਸੀਪਲ ਪ੍ਰਭਜੋਤ ਸਿੰਘ, ਗੁਰਿੰਦਰ ਸਿੰਘ ਮਹਿੰਦੀਰੱਤਾ, ਬੱਚਿਆਂ ਦੇ ਮਾਤਾ-ਪਿਤਾ, ਅਧਿਆਪਕ ਸਾਹਿਬਾਨ ਅਤੇ ਸਮੂਹ ਵਿਦਿਆਰਥੀ ਸ਼ਾਮਿਲ ਸਨ। ਡਰੀਮਲੈਂਡ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਖੋਜਦੀਪ ਕੌਰ ਅਤੇ ਜਸਨੂਰ ਸਿੰਘ ਦਾ ਕੋਟਕਪੂਰਾ ਪਹੁੰਚਣ ’ਤੇ ਢੋਲ-ਢਮੱਕੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਬੱਚਿਆਂ ਅਤੇ ਸਕੂਲ ਨੂੰ ਵਧਾਈ ਦਿੱਤੀ। ਸਮੂਹ ਡਰੀਮਲੈਂਡ ਪਰਿਵਾਰ ਵੱਲੋਂ ਕੋਟਕਪੂਰਾ ਸ਼ਹਿਰ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਗਈ।