ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕੂਲਰ ਰੋਡ ਫਰੀਦਕੋਟ ਵਿਖੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਔਰਤ ਨੂੰ ਗੱਲਾਂ ਵਿੱਚ ਉਲਝਾ ਕੇ ਉਸਦੇ ਹੱਥਾਂ ਵਿੱਚ ਪਾਏ ਸੋਨੇ ਦੇ ਕੜੇ ਅਤੇ ਮੁੰਦਰੀ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਦੀ ਪੁਲਿਸ ਤੁਰਤ ਮੌਕੇ ’ਤੇ ਪਹੁੰਚੀ ਅਤੇ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਮੁਲਜ਼ਮਾਂ ਦੀਆਂ ਤਸਵੀਰਾਂ ਦੇ ਆਧਾਰ ’ਤੇ ਪੜਤਾਲ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲਾ ਜੀ ਕਲੋਨੀ ਨੇੜੇ ਰਹਿੰਦੀ ਕਮਲਾ ਦੇਵੀ ਅੱਜ ਆਪਣੇ ਘਰ ਵਿੱਚ ਮੱਸਿਆ ਹੋਣ ਕਾਰਨ ਪੂਜਾ-ਪਾਠ ਲਈ ਮੰਦਰ ਵੱਲ ਜਾ ਰਹੀ ਸੀ। ਜਦੋਂ ਉਹ ਸਰਕੁਲਰ ਰੋਡ ’ਤੇ ਵਿਸ਼ਾਲ ਮੈਗਾ ਮਾਰਟ ਕੋਲ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਖੜ੍ਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਗੱਲਾਂ ਵਿੱਚ ਉਲਝਾਉਂਦੇ ਹੋਏ ਉਹਨਾਂ ਨੇ ਚਤੁਰਾਈ ਨਾਲ ਕਮਲਾ ਦੇਵੀ ਦੇ ਹੱਥਾਂ ਵਿੱਚ ਪਾਏ ਸੋਨੇ ਦੇ ਕੜੇ ਅਤੇ ਮੁੰਦਰੀ ਲਾਹ ਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤਾ ਕਮਲਾ ਦੇਵੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮ ਗੱਲਬਾਤ ਦਾ ਨਾਟਕ ਕਰਦਿਆਂ ਗਹਿਣੇ ਲੈ ਗਏ ਅਤੇ ਇਹ ਸਭ ਕੁਝ ਕੁ ਸੈਕਿੰਡਾਂ ਵਿੱਚ ਹੋ ਗਿਆ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਠੋਸ ਅਤੇ ਤੁਰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਥਾਣਾ ਸਿਟੀ ਦੇ ਐਸ.ਐਚ.ਓ. ਨੇ ਕਿਹਾ ਕਿ ਪੁਲਿਸ ਵੱਲੋਂ ਪੜਤਾਲ ਜਾਰੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
