ਫ਼ਰੀਦਕੋਟ, 10 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ. ਅਵੀਨਿੰਦਰ ਪਾਲ ਸਿੰਘ, ਜਿਲ੍ਹਾ ਸਿਖਲਾਈ ਅਫਸਰ, ਫਰੀਦਕੋਟ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਰਵੇਲੈਂਸ ਟੀਮ ਡਾ. ਗੁਰਿੰਦਰਪਾਲ ਸਿੰਘ, ਡਾ. ਰੁਪਿੰਦਰ ਸਿੰਘ, ਡਾ. ਸਤਬੀਰ ਸਿੰਘ ਵੱਲੋਂ ਜਿਲ੍ਹਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ (ਟਹਿਣਾ, ਚਹਿਲ, ਭਾਣਾ, ਢੁੱਡੀ, ਚਮੇਲੀ) ਵਿੱਚ ਕਣਕ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ। ਸਰਵੇਖਣ ਕੀਤੇ ਗਏ ਖੇਤਾਂ ਵਿੱਚ ਦੇਖਿਆ ਗਿਆ ਕਿ ਰੇਤਲੀ ਮਿੱਟੀ ਵਾਲੇ ਖੇਤਾਂ ਵਿੱਚ ਮੈਗਨੀਜ਼ ਦੀ ਘਾਟ ਕਾਰਨ ਕਣਕ ਪੀਲੀ ਪੈ ਰਹੀ ਹੈ, ਜਿਸ ਕਾਰਨ ਕਣਕ ਦਾ ਵਾਧਾ ਰੁਕ ਜਾਂਦਾ ਹੈ ਅਤੇ ਕਣਕ ਦੇ ਝਾੜ ਤੇ ਮਾੜਾ ਅਸਰ ਪੈਂਦਾ ਹੈ। ਇਸ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ 1 ਕਿਲੋਗ੍ਰਾਮ ਮੈਗਨੀਜ਼ ਪ੍ਰਤੀ ਏਕੜ 200 ਲੀਟਰ ਵਿੱਚ ਘੋਲ ਕੇ ਤਿੰਨ ਸਪਰੇਆਂ ਲਗਾਤਾਰ ਹਫਤੇ—ਹਫਤੇ ਦੇ ਫਰਕ ਤੇ ਮੌਸਮ ਸਾਫ ਹੋਣ ਤੇ ਕੀਤੀਆਂ ਜਾਣ। ਇਸ ਤੋਂ ਇਲਾਵਾ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਨਹੀਂ ਆਇਆ।