ਕੋਟਕਪੂਰਾ, 19 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੈਨੇਡਾ ਵਿੱਚ ਰਹਿੰਦੇ ਪ੍ਰਵਾਸੀ ਵਿਦਿਆਰਥੀਆਂ ਦੇ ਧਰਨੇ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਕੌਰ ਨੇ ਪ੍ਰਦਰਸ਼ਨ ਵਿੱਚ ਪਹੁੰਚੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਕੁਝ ਮਹੀਨਿਆਂ ਤੋਂ ਲਗਾਤਾਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਕੀਤੇ ਵੱਡੇ ਬਦਲਾਅ ਨਾਲ ਕੈਨੇਡਾ ‘ਚ ਪੜ੍ਹਨ ਤੇ ਵਸਣ ਦੇ ਸੁਪਨੇ ਲੈ ਕੇ ਆਏ ਕੌਮਾਂਤਰੀ ਪੱਧਰ ਦੇ ਲੱਖਾਂ ਲੋਕਾਂ ਦਾ ਭਵਿੱਖ ਦਾਅ ਤੇ ਲੱਗ ਗਿਆ ਹੈ। ਨਿਰਾਸ਼ਾ ‘ਚ ਘਿਰੇ ਨੌਜਵਾਨ, ਜਿਨ੍ਹਾ ਵਿੱਚ ਵੱਡੀ ਗਿਣਤੀ ਭਾਰਤੀ ਤੇ ਖਾਸਕਰ ਪੰਜਾਬੀ ਸ਼ਾਮਲ ਹਨ, ਉਹ ਪਿਛਲੇ 6 ਮਹੀਨਿਆਂ ਤੋਂ ਕੈਨੇਡਾ ਦੇ ਵੱਖ ਵੱਖ ਸੂਬਿਆਂ ਚ ਇਸ ਮਾਮਲੇ ਨੂੰ ਲੈ ਕੇ ਰੈਲੀਆਂ, ਧਰਨੇ, ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕੈਨੇਡਾ ਵਿੱਚ ਰਹਿੰਦੇ ਵਿਦਿਆਰਥੀਆਂ ਦੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਮੰਗ ਕਰ ਰਹੇ ਹਨ ਕਿ 2024-25 ਵਿੱਚ ਮੁੱਕ ਰਹੇ ਵਰਕ ਪਰਮਿਟ ਦੋ ਸਾਲ ਲਈ ਵਧਾਏ ਜਾਣ। ਪੀ.ਆਰ. ਲਈ ਸਹੀ ਅਤੇ ਨਵੇਂ ਪ੍ਰੋਗਰਾਮ ਦਿਤੇ ਜਾਣ। ਹਰ ਕੌਮਾਂਤਰੀ ਵਿਦਿਆਰਥੀ ਜੋ ਪੜ੍ਹ ਰਿਹਾ ਹੈ ਓਸ ਨੂੰ ਪੰਜ ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ।
ਹਰਵੀਰ ਕੌਰ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬੇਰੁਜ਼ਗਾਰੀ ਤੋਂ ਤੰਗ ਆ ਕੇ ਪੰਜਾਬ ਤੋਂ ਉੱਜੜ ਕੇ ਗਏ ਨੌਜਵਾਨਾਂ ਨੂੰ ਕੈਨੇਡਾ ਵਿਚੋਂ ਵੀ ਉਜਾੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਲਜ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸੱਕਤਰ ਜਲੰਧਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਦੁਨੀਆਂ ਭਰ ਵਿੱਚ ਆਰਥਿਕ ਮੰਦੀ ਸਿਖਰਾਂ ਉਪਰ ਹੈ,ਭਵਿੱਖ ਸੰਵਾਰਨ ਲਈ ਲੱਖਾਂ ਵਿਦਿਆਰਥੀ ਕਰਜ਼ੇ ਚੱਕ ਕੇ ਕੈਨੇਡਾ ਗਏ ਹਨ।
ਪੰਜਾਬ ਸਟੂਡੈਂਟਸ ਯੂਨੀਅਨ ਨੌਜਵਾਨਾਂ ਨੂੰ ਭੱਜਣ ਦੀ ਬਜਾਏ ਦੁਨੀਆਂ ਬਦਲਣ ਲਈ ਪ੍ਰੇਰਿਤ ਕਰਦੀ ਹੈ, ਪਰ ਜੋਂ ਵਿਦਿਆਰਥੀ ਜਮੀਨਾਂ ਵੇਚ ਕੇ ,ਕਰਜ਼ੇ ਚੱਕ ਕੇ ਇਥੋਂ ਬੇਗਾਨੇ ਮੁਕਲ ਗਏ ਹਨ ਓਹਨਾਂ ਦੀ ਲੁੱਟ ਦਾ ਪੁਰ ਜ਼ੋਰ ਵਿਰੋਧ ਕਰਦੀ ਹੈ। ਕਨੈਡਾ ਦੀ ਸਰਕਾਰ ਨੇ ਚੋਣਾਂ ਵਿਚ ਲਾਭ ਲੈਣ ਲਈ ਇਮੀਗ੍ਰੇਸ਼ਨ ਨੀਤੀਆਂ ਨੂੰ ਸਖ਼ਤ ਕੀਤਾ ਹੈ। ਇੱਕ ਪਾਸੇ ਓਥੋਂ ਦੀ ਸਰਕਾਰ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਭਰਮਾ ਕੇ ਆਪਣੇ ਦੇਸ਼ ਲੈਅ ਕੇ ਜਾਂਦੀ ਹੈ, ਕਰੋੜਾਂ ਡਾਲਰ ਆਮਦਨ ਵਿਦਿਆਰਥੀਆਂ ਰਾਹੀਂ ਇੱਕਠੇ ਕੀਤੇ ਜਾਂਦੇ ਹਨ। ਇਸ ਸਾਲ ਡੇਢ ਲੱਖ ਦੇ ਕਰੀਬ ਵਿਦਿਆਥੀਆਂ ਨੂੰ ਕੱਢਿਆ ਜਾ ਰਿਹਾ ਹੈ ਜੋਂ ਨਾ ਏਥੋਂ ਦੇ ਰਹੇ ਨਾ ਓਥੋਂ ਦੇ, ਅਗਲੇ ਸਾਲ 5 ਲੱਖ ਵਿਦਿਆਰਥੀ ਹੋਰ ਡੀਪੋਰਟ ਕੀਤੇ ਜਾ ਰਹੇ ਹਨ।
ਇਸ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਵਿਦਿਆਰਥੀ ਡੇਢ ਮਹੀਨੇ ਤੋਂ ਕਨੈਡਾ ਵਿੱਚ ਪੱਕੇ ਧਰਨੇ ਉਪਰ ਬੈਠੇ ਹੋਏ ਹਨ। ਅਸੀਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਗ਼ਦਰ ਪਾਰਟੀ ਦੀ ਮਹਾਨ ਵਿਰਾਸਤ ਤੋਂ ਸੇਧ ਲੈਣ ਦੀ ਸਲਾਹ ਦਿੰਦੇ ਹਾਂ ਕਿ ਏਥੇ ਰਹਿ ਕੇ ਏਥੋਂ ਦਾ ਪ੍ਰਬੰਧ ਬਦਲਣ ਲਈ ਕੰਮ ਕੀਤਾ ਜਾਵੇ ਤਾਂ ਕਿ ਸਾਡੇ ਆਉਣ ਵਾਲੇ ਵਿਦਿਆਰਥੀ ਹਾਕਮਾਂ ਦੀਆਂ ਮਾੜੀਆਂ ਨੀਤੀਆਂ ਦੀ ਮਾਰ ਤੋਂ ਬਚ ਸਕਣ। ਓਹਨਾਂ ਕਿਹਾ ਕਿ ਕੈਨੇਡਾ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਦੀ ਅਸੀਂ ਪੂਰੀ ਹਮਾਇਤ ਕਰਦੇ ਹਾਂ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਰਸ਼ਦੀਪ ਸਿੰਘ, ਜਲੰਧਰ ਸੰਧਵਾਂ, ਸ਼ਰਨਦੀਪ ਸਿੰਘ, ਸਿਮਰਨਜੀਤ ਕੌਰ ਆਦਿ ਵੀ ਹਾਜ਼ਰ ਸਨ