ਜਲੰਧਰ, 31 ਦਸੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਨਵੀਂ ਦਿੱਲੀ ਦੇ ਸੰਸਾਰ ਪ੍ਰਸਿੱਧ ‘ਜਵਾਹਰ ਲਾਲ ਨਹਿਰੂ, ਸਟੇਡੀਅਮ ਵਿੱਚ 26 ਤੋਂ 28 ਦਸੰਬਰ ਤੱਕ, ਐੱਸ.ਬੀ.ਕੇ.ਐੱਫ਼. (ਸੰਯੁਕਤ ਭਾਰਤ ਖੇਲ ਫਾਊਂਡੇਸ਼ਨ) ਵੱਲੋਂ ਕਰਵਾਈਆਂ 13ਵੀਆਂ ਨੈਸ਼ਨਲ ਖੇਡਾਂ ਵਿੱਚ ਵੱਖੋ-ਵੱਖ ਸੂਬਿਆਂ ਤੋਂ ਆਏ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਇਸੇ ਦੌਰਾਨ ਪੰਜਾਬ ਵੱਲੋਂ ਖੇਡਦਿਆਂ ਕਮਲਜੀਤ ਕੌਰ ਨੇ 03 ਗੋਲਡ ਮੈਡਲ ਜਿੱਤੇ। ਉਨ੍ਹਾਂ 100 ਮੀਟਰ ਦੌੜ, ਲੋਂਗ-ਜੰਪ ਅਤੇ ਟ੍ਰਿਪਲ-ਜੰਪ ਵਿੱਚ ਪਹਿਲੇ ਸਥਾਨ ਪ੍ਰਾਪਤ ਕੀਤੇ। ਜਿਕਰਯੋਗ ਹੈ ਕਿ ਪਿੰਡ: ਮੰਡੇਰ (ਜਲੰਧਰ) ਵਿਖੇ ਸਰਕਾਰੀ ਮੁੱਖ-ਅਧਿਆਪਕਾ ਵਜੋਂ ਤਾਇਨਾਤ ਕਮਲਜੀਤ ਕੌਰ ਪਹਿਲਾਂ ਵੀ ਜਿਲ੍ਹਾ, ਸਟੇਟ ਅਤੇ ਨੈਸ਼ਨਲ ਪੱਧਰ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਦਰਜਣਾਂ ਹੀ ਮੈਡਲ ਜਿੱਤ ਚੁੱਕੇ ਹਨ। ਉਕਤ ਤੋਂ ਇਲਾਵਾ ਵੀ ਉਨ੍ਹਾਂ ਚਲੰਤ ਵਰ੍ਹੇ ਵਿੱਚ ਹੀ ਚੇਨਈ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੋਂਗ-ਜੰਪ ਵਿੱਚ ਸੁਪਰ-6 ਵਿੱਚ ਸਥਾਨ ਹਾਸਲ ਕੀਤਾ।
