ਪੰਜਾਬ ਤੋਂ ਜਗਦੀਸ਼ ਰਾਏ ਕੁਲਰੀਆਂ ਨੇ ਕੀਤੀ ਸ਼ਿਰਕਤ

ਕਲਕੱਤਾ 31 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੱਛਮੀ ਬੰਗਾਲ ਸਰਕਾਰ ਦੇ ਸੂਚਨਾ ਅਤੇ ਸੱਭਿਆਚਾਰ ਵਿਭਾਗ ਅਧੀਨ ਪੱਛਮੀਬੰਗ ਹਿੰਦੀ ਅਕਾਦਮੀ ਵੱਲੋਂ ਅਕੈਡਮੀ ਦੇ ਆਡੀਟੋਰੀਅਮ ਵਿੱਚ ਦੂਸਰੇ ‘ਦੋ ਰੋਜ਼ਾ ਰਾਸ਼ਟਰੀ ਲਘੂਕਥਾ ਉਤਸਵ’ ਦਾ ਆਯੋਜਨ ਕੀਤਾ ਗਿਆ। ਇਸ ਵਿਚ ਦੇਸ਼ ਦੇ ਵੱਖ-ਵੱਖ ਹਿਸਿਆ ਵਿਚੋਂ ਲਘੂਕਥਾਕਾਰਾਂ ਨੇ ਭਾਗ ਲਿਆ। ਪੰਜਾਬ ਵਿਚੋਂ ਤ੍ਰੈਮਾਸਿਕ ‘ਮਿੰਨੀ’ ਦੇ ਆਨਰੇਰੀ ਸੰਪਾਦਕ ਅਤੇ ਸਾਹਿਤ ਅਕਾਦਮੀ ਦੇ ਅਨੁਵਾਦ ਪੁਰਸਕਾਰ ਵਿਜੇਤਾ ਜਗਦੀਸ਼ ਰਾਏ ਕੁਲਰੀਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਸਾਹਿਤ ਅਕਾਦਮੀ ਦੇ ਖੇਤਰੀ ਅਧਿਕਾਰੀ ਸ੍ਰੀ ਖੇਤਰਪਤੀ ਨਾਇਕ ਅਤੇ ਵਰਤਮਾਨ ਪੱਤਿਰਕਾ (ਹਿੰਦੀ) ਦੇ ਸੰਪਾਦਕ ਸ੍ਰੀ ਰਵੀ ਸ਼ੰਕਰ ਸਿੰਘ ਉਦਘਾਟਨੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਸਮਾਗਮ ਵਿਚ ਦੇਸ਼ ਦੇ ਉੱਘੇ ਲਘੂਕਥਾਕਾਰਾਂ ਦੇ ਨਾਲ-ਨਾਲ ਬੰਗਾਲ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਲਘੂਕਥਾਕਾਰਾਂ ਅਤੇ ਆਲੋਚਕਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਅਕਾਦਮੀ ਮੈਂਬਰ ਰਚਨਾ ਸਰਨ ਵੱਲੋਂ ਮੰਚ ਸੰਚਾਲਨ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਸੀਨੀਅਰ ਸਾਹਿਤਕਾਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਰਵੇਲ ਪੁਸ਼ਪ ਨੇ ਸਵਾਗਤੀ ਭਾਸ਼ਣ ਦਿੱਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਖੇਤਰਪਤੀ ਨਾਇਕ ਨੇ ਲਘੂ ਕਥਾਵਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ, ਜਦਕਿ ਰਵੀ ਸ਼ੰਕਰ ਸਿੰਘ ਨੇ ਵਰਤਮਾਨ ਪੱਤਿਰਕਾ ਵਿੱਚ ਇਸ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ਅੱਗੇ ਤੋਂ ਹਰ ਐਤਵਾਰ ਦੇ ਅੰਕ ਵਿੱਚ ਲਘੂਕਥਾਵਾਂ ਨੂੰ ਬਾਕਾਇਦਾ ਪ੍ਰਕਾਸ਼ਿਤ ਕਰਨ ਦਾ ਐਲਾਨ ਕੀਤਾ। ਸੈਮੀਨਾਰ ਦੇ ਪਹਿਲੇ ਦਿਨ ਬੁਲਾਏ ਗਏ ਪ੍ਰਸਿੱਧ ਕਹਾਣੀਕਾਰਾਂ ਨੇ ਇਸ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ, ਜਿਨ੍ਹਾਂ ‘ਚ ਰਾਜਸਥਾਨ ਤੋਂ ਡਾ: ਰਾਮ ਕੁਮਾਰ ਘੋਟੜ, ਪੰਜਾਬ ਤੋਂ ਸ੍ਰੀ ਜਗਦੀਸ਼ ਰਾਏ ਕੁਲਰੀਆਂ ਅਤੇ ਉੱਤਰ ਪ੍ਰਦੇਸ਼ ਤੋਂ ਨਿਵੇਦਿਤਾ ਸ੍ਰੀਵਾਸਤਵ ਸ਼ਾਮਿਲ ਸਨ। ਇਸ ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀ ਕੁਲਰੀਆਂ ਨੇ ‘ਹਿੰਦੀ ਲਘੂਕਥਾ ਦੇ ਵਿਕਾਸ ਵਿਚ ਪੰਜਾਬ ਦਾ ਯੋਗਦਾਨ’ ਅਤੇ ‘ਪੰਜਾਬੀ ਮਿੰਨੀ ਕਹਾਣੀ : ਵਰਤਮਾਨ, ਭਵਿਖ ਅਤੇ ਅਕਾਦਮਿਕ ਸਫ਼ਰ’ ਬਾਰੇ ਭਾਵਪੂਰਤ ਪਰਚੇ ਪੜੇ। ਸਮਾਗਮ ਦੇ ਦੂਜੇ ਦਿਨ ਰਾਜਸਥਾਨੀ, ਪੰਜਾਬੀ, ਅਸਾਮੀ, ਉੜੀਆ ਅਤੇ ਨੇਪਾਲੀ ਭਾਸ਼ਾਵਾਂ ਦੀਆਂ ਲਘੂ ਕਥਾਵਾਂ ‘ਤੇ ਵਿਚਾਰ-ਵਟਾਂਦਰਾ ਹੋਇਆ ਅਤੇ ਪੇਪਰ ਪੜੇ ਗਏ। ਸ਼੍ਰੀ ਅਭਿਸ਼ੇਕ ਰਥ, ਡਾ: ਸਤਿਆਪ੍ਰਕਾਸ਼ ਤਿਵਾੜੀ, ਡਾ: ਰੇਸ਼ਮੀ ਪਾਂਡਾ ਮੁਖਰਜੀ, ਪ੍ਰੋ. ਸ਼ੁਭਰਾ ਉਪਾਧਿਆਏ, ਡਾ: ਸ਼ਾਹਿਦ ਫਾਰੋਗੀ, ਓਮਕਾਰ ਬੈਨਰਜੀ, ਡਾ: ਸ਼ਿਪਰਾ ਮਿਸ਼ਰਾ, ਚੰਦਾ ਪ੍ਰਹਿਲਾਦਕਾ, ਮੌਸਮੀ ਪ੍ਰਸਾਦ, ਸਵਿਤਾ ਭੁਵਾਨੀਆ, ਨੂਪੁਰ ਸ੍ਰੀਵਾਸਤਵ, ਨਿਧੀ ਕੁਮਾਰੀ ਸਿੰਘ, ਸ਼ਮਸ਼ੇਰ ਅਲੀ, ਬੇਬੀ ਕਰਫਰਮਾ, ਸ਼ਤਦਰੂ ਮਜੂਮਦਾਰ, ਕਲਿਆਣ ਭੱਟਾਚਾਰੀਆ ਅਤੇ ਹੋਰਨਾਂ ਨੇ ਵਿਚਾਰ ਵਟਾਂਦਰਾ ਅਤੇ ਲਘੂਕਥਾਵਾਂ ਦਾ ਪਾਠ ਕੀਤਾ। ਇਸ ਤੋਂ ਇਲਾਵਾ ਦੂਜੇ ਦਿਨ ਦੇ ਆਖਰੀ ਸੈਸ਼ਨ ਵਿੱਚ ਰੰਗਮੰਚ ਕਲਾਕਾਰ ਉਮਾ ਝੁਨਝੁਨਵਾਲਾ ਦੀ ਨਿਰਦੇਸ਼ਨਾ ਹੇਠ ਕੋਲਕਾਤਾ ਦੀ ਪ੍ਰਸਿੱਧ ਰੰਗਮੰਚ ਸੰਸਥਾ ਲਿਟਲ ਥੇਸਪੀਅਨਜ਼ ਦੇ ਕਲਾਕਾਰਾਂ ਨੇ ਉੱਘੇ ਲਘੂ ਕਥਾਕਾਰਾਂ ਦੀਆਂ ਕੁਝ ਕਹਾਣੀਆਂ ਦਾ ਨਾਟਕੀ ਪਾਠ ਕੀਤਾ, ਜਿਸ ਤੋਂ ਇੰਝ ਲੱਗਦਾ ਸੀ ਜਿਵੇਂ ਕਿਰਦਾਰ ਸਟੇਜ ‘ਤੇ ਜ਼ਿੰਦਾ ਹੋ ਗਏ ਹੋਣ। ਇਸ ਸੈਮੀਨਾਰ ਦੌਰਾਨ ਬੇਬੀ ਕਾਰਫੋਰਮਾ ਵੱਲੋਂ ਬੰਗਲਾ ਲਘੂਕਥਾਵਾਂ ਦੀ ਹਿੰਦੀ ਵਿਚ ਅਨੁਵਾਦ ਕੀਤੀ ਪੁਸਤਕ ‘ਅਣੂ ਗਲਪਮਾਲਾ-1’, ਮੈਗਜ਼ੀਨ ਤ੍ਰੈਮਾਸਿਕ ‘ਮਿੰਨੀ’ ਅਤੇ ‘ਸ਼ਬਦ ਤਿਰੰਜਣ’ ਵੀ ਰਿਲਿਜ਼ ਕੀਤੇ ਗਏ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਰੋੜਕੀ, ਸ਼ਿਆਮਲ ਭੱਟਾਚਾਰੀਆ, ਭੁਪਿੰਦਰ ਬਸ਼ਰ ਆਦਿ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਲਕਾਤਾ ‘ਚ ਸ਼ੁਰੂ ਹੋਏ ਇਸ ਰਾਸ਼ਟਰੀ ਲਘੂ ਕਹਾਣੀ ਉਤਸਵ ਨੇ ਸੂਬੇ ‘ਚ ਹੀ ਨਹੀਂ ਸਗੋਂ ਦੇਸ਼ ‘ਚ ਵੀ ਇਕ ਖਾਸ ਪਛਾਣ ਬਣਾਈ ਹੈ।

