ਫ਼ਰੀਦਕੋਟ 04 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼ੇਖ਼ ਫ਼ਰੀਦ ਵੋਕੇਸ਼ਨਲ ਸੈਂਟਰ ਵਿਖੇ ਸਭਾ ਦੀ ਤੀਜੀ ਵਰ੍ਹੇਗੰਢ ਬਹੁਤ ਧੂਮਧਾਮ ਨਾਲ ਮਨਾਈ ਗਈ। ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ । ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ, ਪ੍ਰਧਾਨ ਸ਼ਿਵਨਾਥ ਦਰਦੀ ਤੇ ਜਨਰਲ ਸਕੱਤਰ ਜਸਵਿੰਦਰ ਜੱਸ ਨੇ ਸਾਂਝੇ ਰੂਪ ਵਿੱਚ ਸਭਾ ਦੇ ਅਹੁਦੇਦਾਰਾਂ, ਮੈਂਬਰਾਂ, ਸਹਿਯੋਗੀਆਂ ਤੇ ਨਾਲ ਜੁੜੇ ਸਾਹਿਤਕਾਰਾਂ ਨੂੰ ਸਭਾ ਦੀ ਤੀਜੀ ਵਰ੍ਹੇਗੰਢ ਦੀਆਂ ਮੁਬਾਰਕਾਂ ਦਿੱਤੀਆਂ। ਉਹਨਾਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦੀ ਸ਼ੁਰੂਆਤ 1 ਅਪਰੈਲ 2022 ਨੂੰ ਕੀਤੀ ਗਈ ਸੀ ਅਤੇ ਆਪਣੇ ਕਾਰਜਾਂ ਸਦਕਾ ਸਭਾ ਨੇ ਦੁਨੀਆਂ ਭਰ ਵਿੱਚ ਵਿਲੱਖਣ ਪਹਿਚਾਣ ਬਣਾਈ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਸਾਹਿਤਕਾਰ ਹੋਵੇਗਾ ਜਿਸਨੇ ਸਭਾ ਦਾ ਨਾਮ ਨਾ ਸੁਣਿਆ ਹੋਵੇ। ਆਉਣ ਵਾਲੇ ਸਮੇਂ ਵਿੱਚ ਆਪਸੀ ਮਿਲਵਰਤਨ ਦੁਆਰਾ ਸਭਾ ਨੂੰ ਹੋਰ ਵੀ ਬੁਲੰਦੀਆਂ ‘ਤੇ ਲਿਜਾਇਆ ਜਾਵੇਗਾ । ਇਸ ਤੋਂ ਇਲਾਵਾ ਸਭਾ ਵੱਲੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਨਿਰੰਤਰ ਯਤਨ ਜਾਰੀ ਰਹਿਣਗੇ । ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਭਾ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੇ ਚਾਹਵਾਨ ਨਵੇਂ ਮੈਂਬਰਾਂ ਨੂੰ ਸਭਾ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸਰਬਰਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ ਤੇ ਰਾਜ ਗਿੱਲ ਭਾਣਾ, ਸਕੱਤਰ ਸੁਖਵੀਰ ਸਿੰਘ ਬਾਬਾ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਦੀਪ ਸਿੰਘ, ਪ੍ਰਚਾਰ ਸਕੱਤਰ ਪਰਵਿੰਦਰ ਸਿੰਘ, ਮੀਡੀਆ ਸਕੱਤਰ ਆਸ਼ੀਸ਼ ਕੁਮਾਰ, ਸੀਨੀਅਰ ਮੈਂਬਰ ਜਸਵੀਰ ਫ਼ੀਰਾ, ਮੈਂਬਰ ਮਨਮੋਹਨ ਸਿੰਘ ਆਦਿ ਹਾਜਰ ਸਨ । ਸਭਾ ਦੇ ਅਹੁਦੇਦਾਰਾਂ ਕਸ਼ਮੀਰ ਮਾਨਾ, ਪ੍ਰੋ. ਹਰਪ੍ਰੀਤ ਸਿੰਘ, ਕੇ.ਪੀ. ਸਿੰਘ ਸਰਾ, ਬਲਕਾਰ ਸਿੰਘ, ਸੁਖਜਿੰਦਰ ਮੁਹਾਰ ਹੋਰਾਂ ਨੇ ਵੀ ਸਭਾ ਨੂੰ ਆਪਣੀਆਂ ਮੁਬਾਰਕਾਂ ਭੇਜੀਆਂ। ਅੰਤ ਵਿੱਚ ਸਭ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਵਰ੍ਹੇਗੰਢ ਦੇ ਜਸ਼ਨਾਂ ਨੂੰ ਹੋਰ ਵੀ ਯਾਦਗਾਰ ਬਣਾਇਆ।