ਬਰੈਂਪਟਨ 23 ਦਸੰਬਰ ( ਰਮਿੰਦਰ ਵਾਲੀਆ /ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਪੰਜਾਬੀ ਸਾਹਿਤ ਨੂੰ ਜੋੜਨ ਅਤੇ ਸਰਹੱਦਾਂ ਤੋਂ ਪਾਰ ਸਾਂਝੀ ਸਿਰਜਣਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ, ਬਰੈਂਪਟਨ (ਕੈਨੇਡਾ) ਵੱਲੋਂ ਮਹੀਨਾਵਾਰ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ‘ਸਿਰਜਣਾ ਦੇ ਆਰ–ਪਾਰ’ ਦਾ ਔਨਲਾਈਨ ਆਯੋਜਨ 22 ਦਸੰਬਰ ਸੋਮਵਾਰ ਨੂੰ ਕੀਤਾ ਗਿਆ।ਇਹ ਪ੍ਰੋਗਰਾਮ ਸੰਸਥਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰੰਮੀ ਦੇ ਵਿਸ਼ੇਸ਼ ਯਤਨਾਂ ਅਤੇ ਸਾਹਿਤ ਪ੍ਰਤੀ ਸਮਰਪਿਤ ਦ੍ਰਿਸ਼ਟੀ ਦਾ ਨਤੀਜਾ ਸੀ। ਪ੍ਰੋਗਰਾਮ ਦੇ ਆਰੰਭ ਵਿਚ ਡਾ. ਸਰਬਜੀਤ ਕੌਰ ਸੋਹਲ ਚੇਅਰਪਰਸਨ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਨੇ ਵਿਸ਼ੇਸ਼ ਸ਼ਖਸੀਅਤ ਹਰਕੀਰਤ ਕੌਰ ਚਹਿਲ ਨੂੰ ਨਿੱਘੀ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਸਾਹਿਤ ਨੂੰ ਸਮਰਪਿਤ ਸ਼ਖਸੀਅਤ ਦੱਸਿਆ। ਡਾ. ਸੋਹਲ ਨੇ ਹਰਕੀਰਤ ਕੌਰ ਚਹਿਲ ਜੀ ਬਾਰੇ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਨੂੰ ਪ੍ਰੋੜ ਗਲਪੀ ਲੇਖਿਕਾ ਦੇ ਤੌਰ ਤੇ ਵਿਸ਼ੇਸ਼ ਹਸਤਾਖ਼ਰ ਦੱਸਿਆ। ਉਨ੍ਹਾਂ ਦੀਆਂ ਰਚਨਾਵਾਂ ਦੇ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ। ਉਪਰੰਤ ਰਮਿੰਦਰ ਰੰਮੀ ਨੇ ਵੀ ਹਰਕੀਰਤ ਚਹਿਲ ਜੀ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਪੰਜਾਬੀ ਸਾਹਿਤ ਦਾ ਮਾਣ ਦੱਸਿਆ।
ਇਸ ਸਾਹਿਤਕ ਸੰਵਾਦ ਦੀ ਮੁੱਖ ਮਹਿਮਾਨ ਪ੍ਰਸਿੱਧ ਪੰਜਾਬੀ ਲੇਖਿਕਾ ਹਰਕੀਰਤ ਕੌਰ ਚਹਿਲ ਸਨ, ਜਿਨ੍ਹਾਂ ਦੀ ਲਿਖਤ ਨੇ ਨਾਵਲ, ਕਹਾਣੀ, ਯਾਤਰਾ-ਵਿਰਤਾਂਤ ਅਤੇ ਆਤਮਕਥਾ ਦੇ ਰਾਹੀਂ ਪੰਜਾਬੀ ਸਾਹਿਤ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਜ਼ਬੂਤ ਪਛਾਣ ਦਿਵਾਈ ਹੈ।
ਪ੍ਰੋਗਰਾਮ ਵਿੱਚ ਪ੍ਰੋ ਕੁਲਜੀਤ ਕੌਰ ਨੇ ਮਾਡਰੇਟਰ ਦੇ ਤੌਰ ‘ਤੇ ਸੰਵਾਦ ਨੂੰ ਸੁਚੱਜੇ, ਸੰਵੇਦਨਸ਼ੀਲ ਅਤੇ ਵਿਦਵਾਨਾ ਢੰਗ ਨਾਲ ਅੱਗੇ ਵਧਾਇਆ।
ਪ੍ਰੋਗਰਾਮ ਦੌਰਾਨ ਲੇਖਿਕਾ ਹਰਕੀਰਤ ਕੌਰ ਚਹਿਲ ਨੇ ਆਪਣੇ ਜੀਵਨ, ਸਿੱਖਿਆ ਅਤੇ਼ ਸਾਹਿਤਕ ਯਾਤਰਾ ਨਾਲ ਜੁੜੇ ਅਨੇਕਾਂ ਮਹੱਤਵਪੂਰਨ ਪੱਖ ਸਾਂਝੇ ਕੀਤੇ।ਬੀ ਐਸ ਸੀ ਐਗਰੀਕਲਚਰ ਵਰਗੀ ਵਿਗਿਆਨਕ ਅਤੇ ਸਿੱਖਿਆਤਮਕ ਪਿਠਭੂਮੀ ਹੋਣ ਦੇ ਬਾਵਜੂਦ, ਉਨ੍ਹਾਂ ਦੀ ਕਲਮ ਸੰਵੇਦਨਾ, ਮਨੁੱਖੀ ਰਿਸ਼ਤਿਆਂ ਅਤੇ ਸਮਾਜਕ ਹਕੀਕਤਾਂ ਨੂੰ ਗਹਿਰਾਈ ਨਾਲ ਛੂੰਹਦੀ ਹੈ।ਅਧਿਆਪਕਾ ਅਤੇ ਸਕੂਲ ਪ੍ਰਿੰਸਪਲ ਦੇ ਤਜਰਬੇ ਨੇ ਉਨ੍ਹਾਂ ਦੀ ਲਿਖਤ ਨੂੰ ਅਨੁਸ਼ਾਸਨ, ਨਿਰੀਖਣ ਅਤੇ ਮਨੋਵਿਗਿਆਨਕ ਸਮਝ ਪ੍ਰਦਾਨ ਕੀਤੀ—ਇਹ ਗੱਲ ਸੰਵਾਦ ਦੌਰਾਨ ਸਪਸ਼ਟ ਰੂਪ ਵਿੱਚ ਉਭਰੀ।
ਨਾਵਲ ਅਤੇ ਪਰਵਾਸੀ ਅਨੁਭਵ
ਲੇਖਿਕਾ ਦੇ ਪ੍ਰਸਿੱਧ ਨਾਵਲ ‘ਆਦਮ ਗ੍ਰਹਿਣ, ‘ਚੰਨਣ ਰੁੱਖ’ ਅਤੇ ‘ਚਿਰਾਗਾਂ ਵਾਲੀ ਰਾਤ’ ਬਾਰੇ ਗੱਲਬਾਤ ਕਰਦਿਆਂ ਇਹ ਸਪਸ਼ਟ ਹੋਇਆ ਕਿ ਉਨ੍ਹਾਂ ਦੀ ਸਿਰਜਣਾ ਮਨੁੱਖੀ ਅਸਤਿਤਵ, ਪਰਵਾਸੀ ਪੀੜਾ, ਯਾਦਾਂ ਅਤੇ ਪਛਾਣ ਦੇ ਸਵਾਲਾਂ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ।ਪਰਦੇਸ ਵਿੱਚ ਰਹਿ ਕੇ ਵੀ ਪੰਜਾਬ ਦੀ ਮਿੱਟੀ, ਸੰਸਕਾਰ ਅਤੇ ਬੋਲੀ ਉਨ੍ਹਾਂ ਦੀ ਲਿਖਤ ਵਿੱਚ ਧੜਕਦੀ ਰਹੀ।ਸੰਵਾਦ ਦਾ ਇੱਕ ਮਹੱਤਵਪੂਰਨ ਪੱਖ ਲੇਖਿਕਾ ਦੀਆਂ ਰਚਨਾਵਾਂ ਦੇ ਸ਼ਾਹਮੁਖੀ, ਹਿੰਦੀ, ਅੰਗਰੇਜ਼ੀ ਅਤੇ ਸਿੰਧੀ ਵਿੱਚ ਹੋਏ ਅਨੁਵਾਦ ਸਨ।
ਖ਼ਾਸ ਤੌਰ ‘ਤੇ ‘ਆਦਮ ਗ੍ਰਹਿਣ ਦੇ ਕਈ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਪਾਕਿਸਤਾਨ ਵਿੱਚ ਪ੍ਰਕਾਸ਼ਨ ਨੇ ਪੰਜਾਬੀ ਸਾਹਿਤ ਦੀ ਸਾਂਝੀ ਵਿਰਾਸਤ ਨੂੰ ਹੋਰ ਮਜ਼ਬੂਤ ਕੀਤਾ।ਲੇਖਿਕਾ ਨੇ ਅਨੁਵਾਦ ਨੂੰ ਸਿਰਫ਼ ਭਾਸ਼ਾਈ ਨਹੀਂ, ਸਗੋਂ ਸੱਭਿਆਚਾਰਕ ਪੁਲ ਵਜੋਂ ਵੇਖਣ ਦੀ ਗੱਲ ਕਹੀ।
ਯਾਤਰਾ-ਬਿਰਤਾਂਤਾਂ ‘ਲੱਠੇ ਲੋਕ ਲਾਹੌਰ ਦੇ’ ਅਤੇ ‘ਰਾਵੇ ਦੇਸ ਹੋਏ ਪਰਦੇਸ’ ਰਾਹੀਂ ਲੇਖਿਕਾ ਨੇ ਸਫ਼ਰ ਨੂੰ ਸਿਰਫ਼ ਥਾਂਵਾਂ ਨਹੀਂ, ਸਗੋਂ ਲੋਕਾਂ, ਸਭਿਆਚਾਰ ਅਤੇ ਇਤਿਹਾਸ ਨਾਲ ਜੋੜਿਆ।ਆਤਮਕਥਾ ‘ਇੰਜ ਪਰਦੇਸੀ ਹੋਏ’ ਨੇ ਲੇਖਿਕਾ ਦੀ ਅੰਦਰੂਨੀ ਯਾਤਰਾ ਨੂੰ ਬਹੁਤ ਸਚਾਈ ਅਤੇ ਹਿੰਮਤ ਨਾਲ ਪੇਸ਼ ਕੀਤਾ ਲੇਖਿਕਾ ਨੂੰ ਮਿਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇਨਾਮ—ਜਿਵੇਂ ਢਾਹਾਂ ਇੰਟਰਨੈਸ਼ਨਲ, ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ ਲਾਹੌਰ,ਆਤਮ ਰਾਹੀਂ ਅਵਾਰਡ , ਦਿਲ ਦਰਿਆ ਅਵਾਰਡ ਪਾਕਿਸਤਾਨ, ਪੰਜਾਬ ਦੀ ਧੀ ਸੁਰਜੀਤ ਕੌਰ ਮਾਂਜੀ ਪੁਰਸਕਾਰ ਆਦਿ—ਬਾਰੇ ਗੱਲਬਾਤ ਦੌਰਾਨ ਇਹ ਭਾਵ ਸਪਸ਼ਟ ਸੀ ਕਿ ਇਨਾਮ ਉਨ੍ਹਾਂ ਲਈ ਮੰਜ਼ਿਲ ਨਹੀਂ, ਸਗੋਂ ਜ਼ਿੰਮੇਵਾਰੀ ਹਨ। ਇਹ ਵਰਨਣਯੋਗ ਹੈ ਕਿ ਹਰਕੀਰਤ ਕੌਰ ਚਹਿਲ ਨੇ ਆਪਣੀਆਂ ਗਲਪ ਰਚਨਾਵਾਂ ਪਰੀਆਂ ਸੰਗ ਪਰਵਾਜ਼, ਤੇਰੇ ਬਾਝੋਂ, ਥੋਹਰਾਂ ਦੇ ਫੁੱਲ , ਤੇਰੇ ਨਾਲ ਮੁਹੱਬਤ ਡਾਢੀ, ਆਦਮ ਗ੍ਰਹਿਣ,ਚੰਨਣ ਰੁੱਖ, ਪੱਤਣ ਉਡੀਕਣ ਬੇੜੀਆਂ , ਚਿਰਾਗਾਂ ਵਾਲੀ ਰਾਤ ਅਤੇ ਸਫ਼ਰਨਾਮਾ ਵੱਡੇ ਲੋਕ ਲਾਹੌਰ ਦੇ, ਪਰੀਆਂ ਤੇ ਪਰਵਾਸ,ਰਾਵੀ ਦੇਸ਼ ਹੋਇਆ ਪਰਦੇਸ ਅਤੇ ਆਤਮ ਕਥਾ ਇੰਜ ਪਰਦੇਸਣ ਹੋਈ ਨਾਲ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਪਛਾਣ ਬਣਾਈ ਹੈ। ਪ੍ਰੋਗਰਾਮ ਵਿੱਚ ਪਾਕਿਸਤਾਨ ਤੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਮੁਦੱਸਰ ਬਸ਼ੀਰ ਜੀ ਨੇ ਹਰਕੀਰਤ ਚਹਿਲ ਜੀ ਦੀਆਂ ਰਚਨਾਵਾਂ ਨੂੰ ਹੱਥਾਂ ਸਰਹੱਦਾਂ ਤੋਂ ਪਾਰ ਮਾਨਵ ਹਿਤੈਸ਼ੀ ਦੱਸਿਆ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰ ਸ੍ਰ . ਮਲੂਕ ਸਿੰਘ ਕਾਹਲੋਂ ਨੇ ਵੀ ਪ੍ਰੋਗਰਾਮ ਬਾਰੇ ਵਿਸ਼ੇਸ਼ ਟਿੱਪਣੀਆਂ ਕੀਤੀਆਂ।ਇਸ ਪ੍ਰੋਗਰਾਮ ਨੂੰ ਸਮੇਟਦਿਆਂ ਪ੍ਰਸਿੱਧ ਪੰਜਾਬੀ ਲੇਖਿਕਾ ਅਤੇ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਦੀ ਸਰਪ੍ਰਸਤ ਸੁਰਜੀਤ ਟੋਰਾਂਟੋ ਨੇ ਹਰਕੀਰਤ ਚਹਿਲ ਦੀਆਂ ਲਿਖਤਾਂ ਨੂੰ ਪ੍ਰਵਾਸੀ ਲੇਖਕਾਂ ਵਿਚੋਂ ਮੋਹਰਲੀ ਕਤਾਰ ਦੀਆਂ ਲਿਖਤਾਂ ਦੱਸਿਆ। ਉਨ੍ਹਾਂ ਨੇ ਚਹਿਲ ਨੂੰ ਸ਼ਬਦਾਂ ਨੂੰ ਸਮਰਪਿਤ ਸ਼ਖਸੀਅਤ ਦੱਸਿਆ ਜੋ ਪੂਰੀ ਸ਼ਿੱਦਤ ਨਾਲ ਆਪਣੇ ਕਿਰਦਾਰਾਂ ਨਾਲ ਸਾਂਝ ਪਾ ਕੇ ਗਲਪ ਰਚਨਾ ਕਰਦੀ ਹੈ। ਇਸ ਤੋਂ ਇਲਾਵਾ ਡਾ . ਪੁਸ਼ਵਿੰਦਰ,ਡਾ . ਅਮਰ ਜੋਤੀ ਮਾਂਗਟ, ਅਵਤਾਰ ਜੀਤ,ਹਰਮੀਤ ਵਿਦਿਆਰਥੀ, ਗੁਰਚਰਨ ਸਿੰਘ ਜੋਗੀ, ਸਤਬੀਰ ਸਿੰਘ ਆਦਿ ਨੇ ਪ੍ਰੋਗਰਾਮ ਸਬੰਧੀ ਆਪਣੇ ਪ੍ਰਭਾਵ ਦੱਸੇ। ਇਸ ਪ੍ਰੋਗਰਾਮ ਵਿੱਚ ਰਿੰਟੂ ਭਾਟੀਆ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਨੇ ਵੀ ਹਰਕੀਰਤ ਚਹਿਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਧੀਆ ਲੇਖਿਕਾ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਦੱਸਿਆ।
ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਅਦਬੀ ਸ਼ਖ਼ਸੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ।
‘ਸਿਰਜਣਾ ਦੇ ਆਰ–ਪਾਰ’ ਪ੍ਰੋਗਰਾਮ ਦਾ ਇਹ ਕੇਵਲ ਸੰਵਾਦ ਨਹੀਂ, ਸਗੋਂ ਪੰਜਾਬੀ ਸਾਹਿਤ ਦੀ ਅੰਤਰਰਾਸ਼ਟਰੀ ਸਾਂਝ, ਨਾਰੀ ਅਵਾਜ਼ ਅਤੇ ਸੰਵੇਦਨਸ਼ੀਲ ਕਲਮ ਦਾ ਇੱਕ ਜੀਂਦਾ ਜਾਗਦਾ ਸਬੂਤ ਸੀ।
ਮਾਡਰੇਟਰ ਦੇ ਤੌਰ ‘ਤੇ ਪ੍ਰੋ ਕੁਲਜੀਤ ਕੌਰ ਵੱਲੋਂ ਕੀਤੀ ਗਈ ਸੰਵੇਦਨਸ਼ੀਲ ਅਤੇ ਸੁਚੱਜੀ ਅਗਵਾਈ ਨੇ ਸੰਵਾਦ ਨੂੰ ਗਹਿਰਾਈ ਪ੍ਰਧਾਨ ਕੀਤੀ।
ਇਹ ਪ੍ਰੋਗਰਾਮ ਨਿਸ਼ਚਿਤ ਹੀ ਪੰਜਾਬੀ ਸਾਹਿਤ ਦੇ ਆਗਾਮੀ ਦੌਰ ਲਈ ਇੱਕ ਪ੍ਰੇਰਕ ਅਤੇ ਯਾਦਗਾਰ ਕਦਮ ਸਾਬਤ ਹੋਇਆ। ਇਸ ਮੌਕੇ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਦਾ ਈ ਮੈਗਜ਼ੀਨ ਨਵੰਬਰ ਦਸੰਬਰ ਅੰਕ ਜਿਸ ਦੀ ਸੰਪਾਦਨਾ ਰਮਿੰਦਰ ਰਮੀ ਕਰਦੇ ਹਨ ਉਹ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਵਿੱਚ ਡਾ ਸਰਬਜੀਤ ਕੌਰ ਸੋਹਲ ਨੇ ਸਾਹਿਤ ਅਕਾਦਮੀ ਵਿੱਚ ਬੇ ਲੋੜੀ ਸਰਕਾਰੀ ਦਖ਼ਲਅੰਦਾਜ਼ੀ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਇਸ ਦੀ ਨਿੰਦਿਆ ਕੀਤੀ।
ਰਮਿੰਦਰ ਰੰਮੀ ਨੇ ਹਰਕੀਰਤ ਕੌਰ ਚਹਿਲ ਨੂੰ ਉਹਨਾਂ ਨੂੰ ਢਾਹਾਂ ਅਵਾਰਡ ਮਿਲਣ ਦੀ ਸਮੂਹ ਮੈਂਬਰਜ਼ ਵੱਲੋਂ ਮੁਬਾਰਕਬਾਦ ਦਿੱਤੀ ।
ਰਮਿੰਦਰ ਰੰਮੀ ਨੇ ਕਿਹਾ ਕਿ ਪ੍ਰੋ. ਕੁਲਜੀਤ ਕੌਰ ਜੀ ਸਿਰਜਨਾ ਦੇ ਆਰ ਪਾਰ ਵਿੱਚ ਬਹੁਤ ਹੀ ਸਹਿਜਤਾ ਵਿੱਚ ਪ੍ਰੋਗਰਾਮ ਕਰਦੇ ਹਨ , ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ।
ਅੰਤ ਵਿੱਚ ਰਮਿੰਦਰ ਰੰਮੀ ਨੇ ਆਏ ਹੋਏ ਸਾਰੇ ਦਰਸ਼ਕਾਂ ਦਾ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਵੀ ਕੀਤਾ ।
ਰਮਿੰਦਰ ਰੰਮੀ ਨੇ ਕਿਹਾ ਕਿ :-
“ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “
ਧੰਨਵਾਦ ਸਹਿਤ । ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

