ਗਣਤੰਤਰ ਦਿਵਸ ਮੌਕੇ ਫਰੀਦਕੋਟ ਵਿਖੇ ਝੰਡਾ ਲਹਿਰਾਉਣ ਆ ਰਹੇ ਮੁੱਖ ਮਹਿਮਾਨ ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਕੋਟਕਪੂਰਾ, 24 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੀ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ, ਮੁੱਖ ਦਫਤਰ 1680 ਸੈਕਟਰ 22ਬੀ ਚੰਡੀਗੜ੍ਹ ਦੇ ਸੱਦੇ ’ਤੇ ਜ਼ਿਲਾ ਫਰੀਦਕੋਟ ਦੇ ਦਰਜਾਚਾਰ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸਥਾਨਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਤਹਿਸੀਲਦਾਰ ਦਫਤਰ ਕੋਲ ਮਿਤੀ 25 ਜਨਵਰੀ ਦਿਨ ਸ਼ਨੀਵਾਰ ਨੂੰ 24 ਘੰਟੇ ਲਈ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਢੁੱਡੀ ਅਤੇ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ ਨੇ ਦੱਸਿਆ ਹੈ ਕਿ ਆਮ ਆਦਮੀ ਦੀ ਸਰਕਾਰ ਬਣੀ ਨੂੰ ਲਗਭਗ ਤਿੰਨ ਸਾਲ ਬੀਤ ਚੁੱਕੇ ਹਨ ਪਰ ਮੁਲਾਜ਼ਮਾਂ, ਪੈਨਸ਼ਨਰਾਂ ਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਹਨਾਂ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਬਣਨ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਅਤੇ ਪਹਿਲ ਦੇ ਆਧਾਰ ’ਤੇ ਠੇਕੇਦਾਰ ਸਿਸਟਮ ਬੰਦ ਕੀਤਾ ਜਾਵੇਗਾ ਜੋ ਕਿ ਅਜੇ ਤੱਕ ਨਹੀਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ, ਰੈਗੂਲਰ ਮੁਲਾਜ਼ਮਾਂ ਦਾ ਡੀ.ਏ. ਅਤੇ ਸੋਧੇ ਤਨਖਾਹ ਸਕੇਲਾਂ ਦਾ ਬਕਾਇਆ ਊਠ ਦੇ ਬੁੱਲ੍ਹ ਵਾਂਗ ਲਟਕ ਰਿਹਾ ਹੈ, ਪੁਰਾਣੀ ਪੈਨਸ਼ਨ ਸਕੀਮ ਬਹਾਰ ਨਹੀਂ ਕੀਤੀ ਜਾ ਰਹੀ ਆਦਿ ਮੰਗਾਂ ਠੰਡੇ ਬਸਤੇ ਵਿੱਚ ਪਈਆਂ ਹੋਈਆਂ ਹਨ। ਆਗੂਆਂ ਨੇ ਦੱਸਿਆ ਕਿ 26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦੇ ਨਾਂਅ ਇੱਕ ਮੰਗ ਪੱਤਰ ਕੁਲਤਾਰ ਸਿੰਘ ਸੰਧਵਾਂ ਦੇ ਰਾਹੀਂ ਦਿੱਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਜਗਲਾਤ ਵਿਭਾਗ ਦੇ ਅਫਸਰਾਂ ਵੱਲੋਂ ਬਿਨਾਂ ਨੋਟਸ ਦਿੱਤੇ ਕੱਚੇ ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕੀਤੇ ਗਿਆ, ਜਿੰਨਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ। ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ, 19 ਫਰਵਰੀ ਨੂੰ ਵਣ ਵਿਭਾਗ ਮੁਹਾਲੀ ਦੇ ਦਫਤਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ। ਇਸ ਰੈਲੀ ਵਿੱਚ ਜ਼ਿਲ੍ਹਾ ਫਰੀਦਕੋਟ ਤੋਂ ਸਾਥੀ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਨਛੱਤਰ ਸਿੰਘ ਭਾਣਾ, ਇਕਬਾਲ ਸਿੰਘ ਰਣ ਸਿੰਘ ਵਾਲਾ, ਸੁਖਵਿੰਦਰ ਸਿੰਘ ਸਿਹਤ ਵਿਭਾਗ, ਰਮੇਸ਼ ਢੈਪਈ, ਗੁਰਪ੍ਰੀਤ ਸਿੰਘ ਸਿੱਧੂ ਰੇਸ਼ਮ ਸਿੰਘ, ਰਣਜੀਤ ਸਿੰਘ ਸਿਵਲ ਹਸਪਤਾਲ, ਸ਼ਿਵਨਾਥ ਦਰਦੀ, ਸੁਖਵਿੰਦਰ ਸਿੰਘ, ਧਰਮਵੀਰ ਸਿੰਘ, ਮਨੀਸ਼ ਕੁਮਾਰ, ਦੀਪੂ, ਲਖਵਿੰਦਰ ਸਿੰਘ, ਲੱਖਾ ਸਿੰਘ, ਰਾਮਵੀਰ ਅਤੇ ਜੋਤੀ ਪ੍ਰਕਾਸ਼ ਮੰਡੀ ਬੋਰਡ ਆਦਿ ਵੀ ਸ਼ਾਮਲ ਸਨ।
