ਬਦਲਾਅ ਦੀ ਰਾਜਨੀਤੀ ਦਾ ਦਾਅਵਾ ਕਰਨ ਵਾਲੀ ਪਾਰਟੀ ਲੋਕਾਂ ਨੂੰ ਕਰ ਰਹੀ ਹੈ ਪ੍ਰੇਸ਼ਾਨ : ਸੰਧੂ
ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਅਜੈਪਾਲ ਸਿੰਘ ਸੰਧੂ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਬਦਲਾਅ ਦੀ ਰਾਜਨੀਤੀ ਦਾ ਲਾਰਾ ਲਾ ਕੇ ਅਤੇ ਪੰਜਾਬ ਦੇ ਵੋਟਰਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਣ ਵਾਲੀ ਆਮ ਆਦਮੀ ਪਾਰਟੀ ਹੁਣ ਜੁਗਾੜ ਲਾ ਕੇ ਨਗਰ ਕੌਂਸਲ ਦੀਆਂ ਚੋਣਾ ਜਿੱਤਣਾ ਚਾਹੁੰਦੀ ਹੈ। ਉਹਨਾਂ ਦੋਸ਼ ਲਾਇਆ ਕਿ ਵਾਰਡਬੰਦੀ ਦੇ ਨਾਮ ’ਤੇ ਸ਼ਹਿਰ ਦੇ 29 ਵਾਰਡਾਂ ਦੀ ਭੰਨ ਤੋੜ ਅਤੇ ਕੱਟ ਵੱਢ ਕੀਤੀ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੇ ਵਸਨੀਕਾਂ ਵਿੱਚ ਭੰਬਲਭੂਸਾ ਪੈਦਾ ਹੋਣਾ ਸੁਭਾਵਿਕ ਹੈ। ਅਜੈਪਾਲ ਸਿੰਘ ਸੰਧੂ ਨੇ ਦਲੀਲ ਦਿੱਤੀ ਕਿ ਵਾਰਡਾਂ ਦੀ ਭੰਨ ਤੋੜ ਕਰਨ ਨਾਲ ਕਦੇ ਵੀ ਵੋਟਾਂ ਜਿਆਦਾ ਨਹੀਂ ਪੈਂਦੀਆਂ, ਪਰ ਆਧਾਰ ਕਾਰਡ, ਵੋਟਰ ਕਾਰਡ ਜਾਂ ਇਸ ਤਰਾਂ ਦੇ ਜਰੂਰੀ ਦਸਤਾਵੇਜਾਂ ਉਪਰ ਆਪੋ ਆਪਣੇ ਘਰ ਦੇ ਮੁਕੰਮਲ ਐਡਰੈੱਸ ਅੰਕਿਤ ਕਰਵਾਉਣ ਵਾਲੇ ਲੋਕਾਂ ਲਈ ਦੁਬਿਧਾ ਪੈਦਾ ਹੋ ਜਾਂਦੀ ਹੈ, ਕਿਉਂਕਿ ਦਸਤਾਵੇਜਾਂ ਅਤੇ ਘਰ ਦਾ ਐਡਰੈਸ ਵੱਖੋ ਵੱਖਰਾ ਹੋ ਜਾਂਦਾ ਹੈ। ਉਹਨਾ ਦਾਅਵਾ ਕੀਤਾ ਕਿ ਸਾਲ 2014 ਤੋਂ ਇਹੀ ਵਾਰਡਬੰਦੀ ਦੇ ਆਧਾਰ ’ਤੇ ਨਗਰ ਕੌਂਸਲ ਦੀਆਂ ਚੋਣਾ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ 2021 ਵਿੱਚ ਵੀ ਵਾਰਡਬੰਦੀ ਦੀ ਭੰਨ ਤੋੜ ਨਹੀਂ ਕੀਤੀ ਗਈ, ਜੇਕਰ ਸਾਲ 2014 ਵਿੱਚ ਅਕਾਲੀ-ਭਾਜਪਾ ਗਠਜੋੜ ਅਤੇ 2021 ਵਿੱਚ ਕਾਂਗਰਸ ਦੀਆਂ ਸਰਕਾਰਾਂ ਨੂੰ ਵਾਰਡਬੰਦੀ ਕਰਨ ਦੀ ਜਰੂਰਤ ਮਹਿਸੂਸ ਨਹੀਂ ਹੋਈ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਵਾਰਡਬੰਦੀ ਕਰਕੇ ਆਮ ਲੋਕਾਂ ਨੂੰ ਪੇ੍ਰਸ਼ਾਨ ਕਿਉਂ ਕਰ ਰਹੀ ਹੈ? ਉਹਨਾਂ ਆਖਿਆ ਕਿ ਜੇਕਰ ਸੱਤਾਧਾਰੀ ਧਿਰ ਨੇ ਨਵੀਂ ਵਾਰਡਬੰਦੀ ਕਰਨ ਦੀ ਆਪਣੀ ਜਿੱਦ ਨਾ ਛੱਡੀ ਤਾਂ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰੇਗੀ।

