ਚੰਡੀਗੜ੍ਹ, 24 ਸਤੰਬਰ( ਅੰਜੂ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਮਹਿਕਦੇ ਅਲਫਾਜ਼ ਸਾਹਿਤ ਸਭਾ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਾਇਆ ਗਿਆ। ਸਰਪ੍ਰਸਤ ਨਾਮਵਾਰ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਜੀ ਅਤੇ ਸੰਸਥਾਪਕ ਅਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆਂ ਜੀ ਨੇ ਆਏ ਹੋਏ ਸਾਰੇ ਹੀ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਨਿੱਘੇ ਸ਼ਬਦਾਂ ਨਾਲ ਸਵਾਗਤ ਕੀਤਾ ਅਤੇ ਜੀ ਆਇਆਂ ਕਿਹਾ ।
ਇਸ ਸਮਾਗਮ ਵਿੱਚ ਨਾਮੀ ਸ਼ਾਇਰ ਵਿੰਦਰ ਮਾਝੀ ਦੀ ਨਵੀਂ ਆਈ ਪੁਸਤਕ “ ਰਮਜ਼ ਫ਼ਕੀਰੀ ਦੀ “ ਲੋਕ ਅਰਪਣ ਕੀਤੀ ਗਈ। ਸਭਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਅਤੇ ਸਲਾਹਕਾਰ ਅਮਨਬੀਰ ਸਿੰਘ ਧਾਮੀ ਜੀ ਨੇ ਬੜੇ ਹੀ ਪਿਆਰ ਅਤੇ ਮੋਹ ਭਿੱਜੇ ਸ਼ਬਦਾਂ ਨਾਲ ਕੀਤਾ।ਸਮਾਗਮ ਦੌਰਾਨ ਉੱਘੇ ਸ਼ਾਇਰ ਤਰਲੋਚਨ ਲੋਚੀ ਜੀ ਨੇ ਵਿੰਦਰ ਮਾਂਝੀ ਦੇ ਨਵੇਂ ਗ਼ਜ਼ਲ ਸੰਗ੍ਰਹਿ’ ਰਮਜ਼ ਫ਼ਕੀਰੀ ਦੀ ‘ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਉਸਤਾਦ ਰਣਜੀਤ ਸਿੰਘ ਧੂਰੀ ਜੀ ਨੇ ਪਰਚਾ ਪੜ੍ਹ ਕੇ ਸਭ ਦਾ ਮਨ ਮੋਹ ਲਿਆ। ਸਭਾ ਦੀ ਸਰਪਰਸਤ ਡਾ. ਗੁਰਚਰਨ ਕੌਰ ਕੋਚਰ ਜੀ ਨੇ ਰਮਜ਼ ਫ਼ਕੀਰੀ ਦੀ ਕਿਤਾਬ ਵਿੱਚ ਸ਼ਾਮਿਲ ਗ਼ਜ਼ਲਾਂ ਨੂੰ ਉੱਚ ਪਾਏਦਾਰ ਕਿਹਾ ਤੇ ਹੋਰ ਵੀ ਵਧੀਆ ਗ਼ਜ਼ਲਾਂ ਉਲੀਕਣ ਦੀ ਉਮੀਦ ਕੀਤੀ। ਅੰਜੂ ਅਮਨਦੀਪ ਗਰੋਵਰ ਜੀ ਨੇ ਕਿਤਾਬ ਵਿੱਚ ਸ਼ਾਮਿਲ ਗ਼ਜ਼ਲਾਂ ਵਿੱਚੋਂ ਇੱਕ ਛੋਟੀ ਬਹਿਰ ਦੀ ਗ਼ਜ਼ਲ ਪੜ੍ਹੀ ਤੇ ਮੁਬਾਰਕਬਾਦ ਦਿੱਤੀ।
ਜਸਪਾਲ ਸਿੰਘ ਦਸੂਹੀ ਜੀ ਨੇ ਸ਼ਾਨਦਾਰ ਟਿੱਪਣੀਆਂ ਕੀਤੀਆਂ ਤੇ ਉਸਤਾਦਾਂ ਦੇ ਉਸਤਾਦ ਸਿਰੀ ਰਾਮ ਅਰਸ਼ ਜੀ ਦਾ ਪਹਿਲਾ ਯਾਦਗਾਰੀ ਐਵਾਰਡ ਵਿੰਦਰ ਮਾਂਝੀ ਨੂੰ ਦੇਣ ਦਾ ਐਲਾਨ ਵੀ ਕੀਤਾ। ਇਸ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਧੀਰ, ਗੁਰਦੀਪ ਗੁੱਲ, ਪਰਜਿੰਦਰ ਕੌਰ ਕਲੇਰ, ਗਿਆਨ ਸਿੰਘ ਦਰਦੀ, ਡਾ. ਰਜ਼ਾਕ ਸ਼ਾਹਿਦ,ਦੀਪ ਕੁਲਦੀਪ, ਡਾ.ਰਵਿੰਦਰ ਕੌਰ ਭਾਟੀਆ, ਵਤਨਵੀਰ ਜ਼ਖ਼ਮੀ ਜਨਰਲ ਸਕੱਤਰ ਰਾਜਬੀਰ ਕੌਰ ਗਰੇਵਾਲ, ਮੀਡੀਆ ਸਕੱਤਰ ਸਰਬਜੀਤ ਕੌਰ ਹਾਜੀਪੁਰ ਆਦਿ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ ਅਤੇ ਕਿਤਾਬ ਨੂੰ ਜੀ ਆਇਆਂ ਆਖਿਆ।
ਨਾਮਵਰ ਗਾਇਕ ਮੰਗਤ ਖਾਨ ਨੇ ‘ਰਮਜ਼ ਫ਼ਕੀਰੀ ਦੀ’’ ਗ਼ਜ਼ਲ ਸੰਗ੍ਰਹਿ ਵਿੱਚੋਂ ਇੱਕ ਗ਼ਜ਼ਲ ਤਰੰਨਮ ਵਿੱਚ ਗਾ ਕੇ ਮਹਿਫ਼ਿਲ ਵਿੱਚ ਰੰਗ ਭਰ ਦਿੱਤੇ। ਮੀਤਾ ਖੰਨਾ ਜੀ ਨੇ ਕਿਤਾਬ ਨੂੰ “ਜੀ ਆਇਆਂ ਆਖਿਆ ਤੇ ਹੋਰ ਤਰੱਕੀ ਲਈ ਅਸੀਸ ਦਿੱਤੀ। ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਅਮਨਬੀਰ ਸਿੰਘ ਧਾਮੀ ਜੀ ਨੇ ਬਾਖ਼ੂਬੀ ਨਿਭਾਈ ਤੇ ਸਭ ਤੋਂ ਵਾਹ ਵਾਹ ਖੱਟੀ। ਵਿੰਦਰ ਮਾਝੀ ਨੇ ਆਪਣੀ ਇੱਕ ਗ਼ਜ਼ਲ ਪੜ੍ਹ ਕੇ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦੀ ਪ੍ਰਬੰਧਕੀ ਟੀਮ ਦਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਸਭਾ ਦੇ ਸੰਸਥਾਪਕ /ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਅਤੇ ਮੀਤ ਪ੍ਰਧਾਨ ਮੀਤਾ ਖੰਨਾ ਜੀ ਨੇ ਆਏ ਹੋਏ ਸਾਰੇ ਹੀ ਕਵੀਆਂ ,ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ । ਵਿੰਦਰ ਮਾਂਝੀ ਦੇ ਨਵੇਂ ਗ਼ਜ਼ਲ ਸੰਗ੍ਰਹਿ’ ਰਮਜ਼ ਫ਼ਕੀਰੀ ਦੀ ‘ਦਾ ਸਾਹਿਤ ਦੇ ਖੇਤਰ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਮੁਬਾਰਕਬਾਦ ਦਿੱਤੀ।