
ਚੰਡੀਗੜ੍ਹ, 4 ਨਵੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਸਮਰਪਿਤ 35 ਵਾਂ ਆਨਲਾਈਨ ਕਵੀ ਦਰਬਾਰ ਕਰਾਇਆ ਗਿਆ। ਸਰਪ੍ਰਸਤ ਅਤੇ ਨਾਮਵਾਰ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਜੀ ਅਤੇ ਸੰਸਥਾਪਕ/ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆਂ ਜੀ ਨੇ ਆਏ ਹੋਏ ਸਾਰੇ ਹੀ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਨਿੱਘੇ ਸ਼ਬਦਾਂ ਨਾਲ ਸਵਾਗਤ ਕੀਤਾ ਅਤੇ ਜੀ ਆਇਆਂ ਕਿਹਾ। ਪ੍ਰੋਗਰਾਮ ਦਾ ਮੰਚ ਸੰਚਾਲਨ ਸਭਾ ਦੀ ਮੀਤ ਪ੍ਰਧਾਨ ਅਤੇ ਨਾਮਵਰ ਗੀਤਕਾਰ ਮੀਤਾ ਖੰਨਾ ਨੇ ਬੜੇ ਹੀ ਪਿਆਰ ਅਤੇ ਮੋਹ ਭਿੱਜੇ ਸ਼ਬਦਾਂ ਨਾਲ ਕੀਤਾ ਅਤੇ ਸਭ ਤੋਂ ਵਾਹ ਵਾਹ ਖੱਟੀ। ਬਹੁਤ ਹੀ ਸਤਿਕਾਰਯੋਗ ਡਾ. ਨਿਰਭੈ ਸਿੰਘ (ਉਪ ਸਕੱਤਰ ਵਿਜੀਲੈਂਸ, ਦਿੱਲੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ’।
ਇਸ ਸਮਾਗਮ ਵਿੱਚ ਸ਼ਾਮਿਲ ਵਿਸ਼ੇਸ਼ ਮਹਿਮਾਨਾਂ ਨੇ ਕਵੀ ਦਰਬਾਰ ਵਿੱਚ ਆਪਣੀ ਆਪਣੀ ਰਚਨਾ ਦੀ ਸਾਂਝ ਪਾ ਕੇ ਪ੍ਰੋਗਰਾਮ ਵਿੱਚ ਰੰਗ ਬੰਨ੍ਹ ਦਿੱਤਾ। ਦੀਵਾਲੀ ਦੇ ਖਾਸ ਮੌਕੇ ਤੇ ਕਰਵਾਏ ਗਏ 35ਵੀਂ ਆਨਲਾਈਨ ਤ੍ਰੈ ਭਾਸ਼ੀ ਕਵੀ ਦਰਬਾਰ ਦਾ ਹਿੱਸਾ ਬਣੇ – ਸੂਰਜ ਕਾਂਤ, ਰਾਜੀਵ ਸੇਠ, ਜਗਦੀਸ਼ ਕੌਰ,
ਗੀਤੂ ਮਹੇਸ਼ਵਰੀ, ਪ੍ਰੀਤਮ ਕੌਰ, ਗਗਨ ਮੀਤ, ਹਮੀਦ ਹਮੀਦੀ, ਮੀਤ ਪ੍ਰਧਾਨ ਮੀਤਾ ਖੰਨਾ, ਪ੍ਰਧਾਨ
ਡਾ.ਰਵਿੰਦਰ ਕੌਰ ਭਾਟੀਆ, ਮੀਡੀਆ ਸਕੱਤਰ ਸਰਬਜੀਤ ਕੌਰ ਹਾਜੀਪੁਰ, ਅੰਜੂ ਅਮਨਦੀਪ ਗਰੋਵਰ ਆਦਿ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ ਅਤੇ ਪ੍ਰੋਗਰਾਮ ਵਿੱਚ ਕਵਿਤਾਵਾਂ, ਗਜ਼ਲਾਂ, ਗੀਤਾਂ ਦੇ ਦੀਪ ਜਗਾਏ।
ਨਾਮਵਰ ਗਾਇਕ ਮੰਗਤ ਖਾਨ ਨੇ ਇੱਕ ਗੀਤ ਤਰੰਨਮ ਵਿੱਚ ਗਾ ਕੇ ਮਹਿਫ਼ਿਲ ਵਿੱਚ ਰੰਗ ਭਰ ਦਿੱਤੇ। ਮੀਤਾ ਖੰਨਾ ਜੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਨਾਮਵਰ ਗੀਤਕਾਰ ਗਾਇਕ ਸੁਰਿੰਦਰ ਕੌਰ ਜੀ ਦਾ ਇੱਕ ਗੀਤ ਸੁਣਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਅੰਤ ਵਿੱਚ ਸਭਾ ਦੇ ਸੰਸਥਾਪਕ /ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਅਤੇ ਮੀਤ ਪ੍ਰਧਾਨ ਮੀਤਾ ਖੰਨਾ ਜੀ ਨੇ ਆਏ ਹੋਏ ਸਾਰੇ ਹੀ ਕਵੀਆਂ ,ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ।

