ਸਬਸਿਡੀ ਵਾਲੀ ਖੇਤੀ ਮਸ਼ੀਨਰੀ ਕਿਰਾਏ ਤੇ ਨਾ ਦੇਣ ਵਾਲੇ ਕਿਸਾਨਾਂ ਖਿਲਾਫ ਹੋਵੇਗੀ ਕਾਰਵਾਈ : ਡੀ.ਸੀ.
ਫਰੀਦਕੋਟ, 19 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਝੋਨੇ-ਬਾਸਮਤੀ ਫਸਲ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਫਰੀਦਕੋਟ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵਲੋਂ ਅੱਜ ਜਿਲ੍ਹਾ ਫਰੀਦਕੋਟ ਦੇ ਪ੍ਰਸਾਸ਼ਨਿਕ ਅਧਿਕਾਰੀਆਂ, ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਸਮੂਹ ਕਲੱਸਟਰ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਇਸ ਮੀਟਿੰਗ ਵਿੱਚ ਦੱਸਿਆ ਕਿ ਕਿਸਾਨ ਘੱਟ ਰੇਟਾਂ ’ਤੇ ਕਿਰਾਏ ਵਾਲੀ ਮਸ਼ੀਨਰੀ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਪ੍ਰਾਈਵੇਟ ਗਰੁੱਪਾਂ ਤੋਂ ਕਿਰਾਏ ’ਤੇ ਲੈ ਕੇ ਆਪਣੀ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਵਲੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਉਪ ਮੰਡਲ ਮੈਜਿਸਟ੍ਰੇਟ ਨੂੰ ਹੁਕਮ ਜਾਰੀ ਕੀਤੇ ਗਏ ਕਿ ਜੇਕਰ ਕੋਈ ਕਿਸਾਨ ਸਬਸਿਡੀ ਵਾਲੀ ਮਸ਼ੀਨ ਕਿਰਾਏ ’ਤੇ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਉਸ ਖਿਲਾਫ ਨੋਟਿਸ ਜਾਰੀ ਕੀਤਾ ਜਾਵੇ ਅਤੇ ਮਸ਼ੀਨਰੀ ’ਤੇ ਦਿੱਤੀ ਗਈ ਸਬਸਿਡੀ ਸਮੇਤ ਵਿਆਜ ਵਾਪਿਸ ਲਈ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀਆਂ ਲਿਸਟਾਂ ਪਿੰਡਾਂ ਵਿੱਚ ਸਾਂਝੀਆਂ ਥਾਵਾਂ ’ਤੇ ਲਵਾ ਦਿੱਤੀ ਗਈਆਂ ਹਨ, ਲੋੜਵੰਦ ਕਿਸਾਨ ਖੇਤੀ ਮਸ਼ੀਨਰੀ ਸਬੰਧੀ ਜਾਣਕਾਰੀ ਇਹਨਾਂ ਲਿਸਟਾਂ ਤੋਂ ਲੈ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਇੱਕ (ਕਿਊ-ਆਰ) ਕੋਡ ਜਾਰੀ ਕੀਤਾ ਗਿਆ, ਜਿਸ ਨੂੰ ਸਕੈਨ ਕਰਨ ਨਾਲ ਜਿਲ੍ਹਾ ਫਰੀਦੋਕਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੀਆਂ ਗਈਆਂ ਖੇਤੀ ਮਸ਼ੀਨਰੀ ਦੀਆਂ ਪਿੰਡ ਵਾਈਜ਼ ਲਿਸਟਾਂ ਖੁੱਲ ਜਾਣਗੀਆਂ ਅਤੇ ਕੋਈ ਵੀ ਕਿਸਾਨ ਆਪਣੇ ਨੇੜੇ ਦੀ ਮਸ਼ੀਨਰੀ ਬਾਰੇ ਜਾਣਕਾਰੀ ਇਨ੍ਹਾਂ ਲਿਸਟਾਂ ’ਚੋਂ ਲੈ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ‘ਉੱਨਤ ਕਿਸਾਨ’ ਮੋਬਾਇਲ ਐਪ ਦੀ ਵਰਤੋਂ ਕਰਨ ਦੀ ਅਪੀਲ ਕੀਤੀ।