ਮਾਮਲਾ ਚੋਰੀ ਦਾ ਮਾਲ ਖਰੀਦਣ ਵਾਲੇ ਕਬਾੜੀਏ ਨੂੰ ਪੁਲਿਸ ਵੱਲੋਂ ਕਾਬੂ ਨਾ ਕਰਨ ਦਾ
ਸੰਗਤ ਮੰਡੀ ,7 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸੰਗਤ ਮੰਡੀ ਅਧੀਨ ਬਠਿੰਡਾ ਬਾਦਲ ਰੋਡ ਤੇ ਪੈਂਦੇ ਥਾਣਾ ਨੰਦਗੜ੍ਹ ਦੇ ਆਸ ਪਾਸ ਦੇ ਪਿੰਡਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਮਦਦ ਦੇ ਨਾਲ ਥਾਣਾ ਨੰਦਗੜ੍ਹ ਦੇ ਮੂਹਰੇ ਧਰਨਾ ਦੇ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਅਤੇ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਕਿਸਾਨਾਂ ਦੀਆਂ ਖੇਤੀ ਮੋਟਰਾਂ ਵਿੱਚੋਂ ਪਿਛਲੇ ਸਮੇਂ ਤੋਂ ਚੋਰਾਂ ਵੱਲੋਂ ਤਾਰਾਂ ਅਤੇ ਪਲੇਟਾਂ ਚੋਰੀ ਕੀਤੀਆਂ ਜਾ ਰਹੀਆਂ ਹਨ ਲੇਕਿਨ ਪਿਛਲੇ ਦਿਨੀ ਪੁਲਿਸ ਵੱਲੋਂ ਤਾਰਾਂ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਸੀ। ਲੇਕਿਨ ਜਿਸ ਕਬਾੜੀਏ ਨੂੰ ਅੱਗੇ ਇਹ ਚੋਰ ਤਾਰਾਂ ਵੇਚਦੇ ਸਨ ਪੁਲਿਸ ਵੱਲੋਂ ਉਸ ਕਬਾੜੀਏ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਨਾਂ ਨੂੰ ਮਜਬੂਰੀ ਵੱਸ ਇਹ ਧਰਨਾ ਲਾਉਣਾ ਪੈ ਰਿਹਾ ਇਹਨਾਂ ਧਾਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਪੁਲਿਸ ਵੱਲੋਂ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਨਾਂ ਦਾ ਧਰਨਾ ਇਸੇ ਤਰ੍ਹਾਂ ਹੀ ਥਾਣਾ ਨੰਦਗੜ੍ਹ ਮੂਹਰੇ ਜਾਰੀ ਰਹੇਗਾ। ਇਸ ਬਾਰੇ ਜਦੋਂ ਥਾਣਾ ਨੰਦਗੜ੍ਹ ਦੇ ਮੁਖੀ ਜਸਕਰਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਉਹਨਾਂ ਵੱਲੋਂ ਕਬਾੜੀਏ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਰੇੜਾ ਮਾਰੀਆਂ ਜਾ ਰਹੀਆਂ ਹਨ। ਅਤੇ ਜਲਦ ਹੀ ਕਬਾੜੀਏ ਨੂੰ ਕਾਬੂ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਵੀ ਕਾਫੀ ਕਬਾੜੀਏ ਨਾ ਸਿਰਫ ਚੋਰੀ ਦਾ ਮਾਲ ਹੀ ਬਲਕਿ ਕਈ ਦੋ ਨੰਬਰ ਜਾਂ ਚੋਰੀ ਦੀਆਂ ਕਾਰਾਂ ਅਤੇ ਟਰੱਕਾਂ ਆਦਿ ਨੂੰ ਵੀ ਖਪਾਉਂਦੇ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਅਜਿਹੇ ਵਿੱਚ ਪੁਲਿਸ ਦੇ ਨੱਕ ਹੇਠ ਇਸ ਤਰ੍ਹਾਂ ਦਾ ਕੰਮ ਚਲਦਾ ਹੋਣਾ ਪੁਲਿਸ ਪ੍ਰਸ਼ਾਸਨ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਅਤੇ ਪੁਲਿਸ ਵੱਲੋਂ ਐਸੇ ਲੋਕਾਂ ਨੂੰ ਕਾਬੂ ਕਰਨ ਚ ਢਿੱਲ ਮੱਠ ਵੀ ਸ਼ੱਕ ਪੈਦਾ ਕਰਦੀ ਹੈ।
