ਭਾਜਪਾ ਵਿਰੁੱਧ ਨਾਹਰੇਬਾਜੀ ਕਰਦਿਆਂ ਵਾਪਸ ਜਾਉ-ਵਾਪਸ ਜਾਉ ਦੇ ਲਾਏ ਨਾਹਰੇ
ਕੋਟਕਪੂਰਾ, 26 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਭਰ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਨੇੜਲੇ ਪਿੰਡ ਹਰੀਨੌ ਵਿਖੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਲਈ ਵੋਟਾਂ ਮੰਗਣ ਆਏ ਪਾਰਟੀ ਦੇ ਜਿਲਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਾਲੀ ਟੀਮ ਨੂੰ ਜਿੱਥੇ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਉੱਥੇ ਭਾਜਪਾ ਖਿਲਾਫ ਜਬਰਦਸਤ ਨਾਹਰੇਬਾਜੀ ਵੀ ਕੀਤੀ ਗਈ। ਪੁਲਿਸ ਪ੍ਰਸ਼ਾਸ਼ਨ ਵਲੋਂ ਦੋਹਾਂ ਧਿਰਾਂ ਦਾ ਟਕਰਾਅ ਟਾਲਣ ਲਈ ਬਕਾਇਦਾ ਪ੍ਰਬੰਧ ਕੀਤੇ ਗਏ ਸਨ। ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਗੌਰਵ ਕੱਕੜ ਨੂੰ ਕੁਝ ਸੁਆਲ ਪੁੱਛੇ, ਜਿੰਨਾ ਦਾ ਜਵਾਬ ਤਸੱਲੀਬਖਸ਼ ਨਾ ਮਿਲਣ ਦੇ ਚੱਲਦਿਆਂ ਕਿਸਾਨਾ ਨੇ ਭਾਜਪਾ ਖਿਲਾਫ ਜਿੱਥੇ ਨਾਹਰੇਬਾਜੀ ਕੀਤੀ, ਉੱਥੇ ਜਿਲਾ ਪ੍ਰਧਾਨ ਦਾ ਨਾਮ ਲੈ ਕੇ ਵਾਪਸ ਜਾਉ-ਵਾਪਸ ਜਾਉ ਦੇ ਨਾਹਰੇ ਵੀ ਲਾਏ ਗਏ। ਕਿਸਾਨ ਆਗੂਆਂ ਨੇ ਪੁੱਛਿਆ ਕਿ ਕਿਸਾਨ ਵਿਰੋਧੀ ਤਿੰਨ ਬਿੱਲ ਰੱਦ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਵਾਅਦੇ ਕੀਤੇ ਸਨ, ਉਹ ਵਫਾ ਕਿਉਂ ਨਾ ਹੋਏ? ਕਿਸਾਨਾ ਨੂੰ ਦਿੱਲੀ ਵਿਖੇ ਜਾਣ ਤੋਂ ਰੋਕਣ ਲਈ ਸ਼ੰਭੂ ਅਤੇ ਖਨੌਰੀ ਦੀਆਂ ਹੱਦਾਂ ’ਤੇ ਬੈਰੀਕੇਟਿੰਗ ਕਿਉਂ ਕੀਤੀ ਗਈ? ਹਰਿਆਣਾ ਅਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਵਲੋਂ ਨਿਹੱਥੇ ਕਿਸਾਨਾ ਉੱਪਰ ਅੱਤਿਆਚਾਰ ਕਿਉਂ ਢਾਹਿਆ ਗਿਆ? ਕਿਸਾਨ ਆਗੂਆਂ ਨੇ ਭਾਜਪਾ ਦੇ ਉਸ ਵਰਕਰ ਦੇ ਪਰਿਵਾਰ ਖਿਲਾਫ ਵੀ ਨਾਹਰੇਬਾਜੀ ਕੀਤੀ, ਜਿਸ ਦੇ ਘਰ ਜਿਲਾ ਪ੍ਰਧਾਨ ਆਪਣੀ ਟੀਮ ਸਮੇਤ ਆਇਆ ਸੀ।