ਬੀਕੇਯੂ ਸਿੱਧੂਪੁਰ ਦੇ ਕਿਸਾਨਾ ਨੇ ਸ਼ਹਿਰ ਦੇ ਬਜਾਰਾਂ ’ਚ ਕੱਢਿਆ ਮੋਮਬੱਤੀ ਮਾਰਚ
ਕੋਟਕਪੂਰਾ, 14 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਤੰਦਰੁਸਤੀ, ਸਮਰਥਨ ਅਤੇ ਚੜਦੀਕਲਾ ਲਈ ਕਿਸਾਨ ਆਗੂਆਂ ਨੇ ਬਲਾਕ ਪ੍ਰਧਾਨ ਸੁਖਜੀਵਨ ਸਿੰਘ ਦੀ ਅਗਵਾਈ ਹੇਠ ਸਥਾਨਕ ਗੁਰਦਵਾਰਾ ਚੁੱਲਾ ਸਾਹਿਬ ਵਿਖੇ ਪਹਿਲਾਂ ਅਰਦਾਸ-ਬੇਨਤੀ ਕੀਤੀ ਅਤੇ ਫਿਰ ਸ਼ਹਿਰ ਵਿੱਚ ਸ਼ਾਂਤਮਈ ਮੋਮਬੱਤੀ ਮਾਰਚ ਕੱਢਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਕੇਯੂ ਸਿੱਧੂਪੁਰ ਦੇ ਕਿਸਾਨਾ ਨੇ ਵਪਾਰੀ ਆਗੂ ਓਮਕਾਰ ਗੋਇਲ ਸਮੇਤ ਹੋਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਸ਼ਾਂਤਮਈ ਰੋਸ ਮਾਰਚ ਕੱਢਦਿਆਂ ਆਖਿਆ ਕਿ ਜੇਕਰ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜਤ ਨਹੀਂ ਦਿੱਤੀ ਜਾ ਰਹੀ ਅਤੇ ਦਿੱਲੀ ਜਾਣ ਲਈ ਜਿੱਦ ਕਰਨ ਵਾਲੇ ਕਿਸਾਨਾ ਉੱਪਰ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤਾਂ ਕੇਂਦਰ ਦੀ ਮੋਦੀ ਸਰਕਾਰ ਦਾ ਕੋਈ ਵੀ ਆਗੂ ਖੁਦ ਖਨੌਰੀ ਬਾਰਡਰ ’ਤੇ ਆ ਕੇ ਕਿਸਾਨਾ ਨਾਲ ਗੱਲਬਾਤ ਕਰ ਸਕਦਾ ਹੈ। ਆਪਣੇ ਸੰਬੋਧਨ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਮੌਕੇ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਇਸ ਲਈ ਕੇਂਦਰ ਦੀ ਮੋਦੀ ਸਰਕਾਰ ਜਿੰਮੇਵਾਰ ਹੋਵੇਗੀ। ਮੋਮਬੱਤੀ ਮਾਰਚ ਗੁਰਦਵਾਰਾ ਸਾਹਿਬ ਤੋਂ ਆਰੰਭ ਹੋ ਕੇ ਰੇਲਵੇ ਬਜਾਰ, ਮੇਨ ਮਾਰਕਿਟ, ਮਹਿਤਾ ਚੌਂਕ ਅਤੇ ਜੈਤੋ ਰੋਡ ਰਾਹੀਂ ਹੁੰਦਾ ਹੋਇਆ ਬੱਤੀਆਂ ਵਾਲਾ ਚੌਂਕ ਵਿੱਚ ਸਮਾਪਤ ਕੀਤਾ ਗਿਆ।