ਕੋਟਕਪੂਰਾ, 28 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਲੋਕਾਂ ਨੂੰ ਜਿਉਣਾ ਮੁਸ਼ਕਿਲ ਹੋਇਆ ਪਿਆ ਸੀ ਪਰ ਅੱਜ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋ ਰਾਹਤ ਮਿਲੀ। ਮੀਂਹ ਕਾਰਨ ਸਾਰਾ ਸ਼ਹਿਰ ਜਲ ਥਲ ਹੋ ਗਿਆ, ਸ਼ਹਿਰ ’ਚੋਂ ਮੀਂਹ ਵਾਲੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਏ ਸੀਵਰੇਜ ਦੀ ਪੋਲ ਖੋਲ ਦਿੱਤੀ। ਮੀਂਹ ਕਾਰਨ ਸ਼ਹਿਰ ਝੀਲ ਦਾ ਰੂਪ ਧਾਰਨ ਕਰ ਗਿਆ। ਅੱਜ ਦੇ ਪਏ ਮੀਂਹ ਨੂੰ ਝੱਲਣ ਵਿੱਚ ਨਾਕਾਮ ਰਹੇ ਨਗਰ ਕੌਂਸਲ ਦੇ ਪ੍ਰਬੰਧਾਂ ਤੋਂ ਸਾਫ ਨਜਰ ਆ ਰਿਹਾ ਹੈ ਕਿ ਮਾਨਸੂਨ ਦੌਰਾਨ ਲੋਕਾਂ ਨੂੰ ਪ੍ਰ੍ਸ਼ਾਨੀਆਂ ’ਚੋ ਲੰਘਣਾ ਪਵੇਗਾ। ਮੀਂਹ ਵਾਲੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਸ਼ਹਿਰ ’ਚ ਨੀਵੇਂ ਇਲਾਕਿਆਂ ਵਿੱਚ ਕਈ ਦੁਕਾਨਾਂ ਅਤੇ ਘਰਾਂ ਵਿੱਚ ਮੀਂਹ ਦਾ ਪਾਣੀ ਵੜ ਜਾਣ ਕਾਰਨ ਕਈ ਦੁਕਾਨਦਾਰਾਂ ਦਾ ਸਮਾਨ ਖਰਾਬ ਹੋ ਗਿਆ। ਸ਼ਹਿਰ ਵਿਚ ਥਾਂ-ਥਾਂ ਭਰੇ ਪਾਣੀ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਆਉਣ ਜਾਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਉੱਥੇ ਖੜੇ ਪਾਣੀ ਵਿੱਚੋ ਲੰਘਣ ਸਮੇਂ ਦੋਪਹੀਆ ਵਾਹਨ ਬੰਦ ਹੁੰਦੇ ਨਜਰ ਆਏ। ਮੀਂਹ ਪੈਣ ਕਾਰਨ ਸ਼ਹਿਰ ਦੇ ਬਜਾਰ ਵੀ ਦੇਰੀ ਨਾਲ ਖੁੱਲੇ ਪਰ ਬਜਾਰ ਵਿੱਚ ਗਾਹਕ ਨਾ ਹੋਣ ਕਾਰਨ ਦੁਕਾਨਦਾਰ ਗਾਹਕ ਦੇ ਇੰਤਜਾਰ ਵਿੱਚ ਖਾਲੀ ਬੈਠੇ ਦੇਖੇ ਗਏ।