ਫਰੀਦਕੋਟ , 24 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਕੈਂਟ ਵਿੱਚ ਸਥਿੱਤ ਕੇਂਦਰੀ ਵਿਦਿਆਲੇ ਸਕੂਲ ਵਿਖੇ ਸਕੂਲ ਚੇਅਰਮੈਨ ਬ੍ਰਿਗੇਡੀਅਰ ਆਸ਼ੀਸ਼ ਸ਼ੁਕਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਪ੍ਰਿੰਸੀਪਲ ਡਾ. ਸੁਨੀਲ ਕੁਮਾਰ, ਇੰਸਪੈਕਟਰ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਵਿਸ਼ਾ 21ਵੀਂ ਸਦੀ ਵਿੱਚ ਸਿੱਖਣ, ਜਾਣਕਾਰੀ ਦੇ ਹੁਨਰ, ਸਾਈਬਰ ਸੁਰੱਖਿਆ ਅਤੇ ਮੁੱਢਲੀ ਸਹਾਇਤਾ ਸੀ। ਸੈਮੀਨਾਰ ਵਿੱਚ ਭਾਰਤੀ ਰੈਡ ਕਰਾਸ ਸੁਸਾਇਟੀ ਦੇ ਮੂੱਢਲੀ ਸਹਾਇਤਾ ਟਰੇਨਰ ਸਮਾਜ ਸੇਵੀ ਉਦੇ ਰੰਦੇਵ ਨੇ ਮੁੱਖ ਮਹਿਮਾਨ ਅਤੇ ਵਕਤਾ ਵਜੋਂ ਸ਼ਿਰਕਤ ਕੀਤੀ, ਜਦਕਿ ਭੁਪਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਸਾਈਬਰ ਸੁਰੱਖਿਆ ਵਕਤਾ ਵਜੋਂ ਸ਼ਿਰਕਤ ਕੀਤੀ। ਭੁਪਿੰਦਰ ਸਿੰਘ ਨੇ ਅੱਜ ਦੇ ਤੇਜ਼ੀ ਨਾਲ ਬਦਲਦੇ, ਸੁਖ ਸਹੂਲਤਾਂ ਵਾਲੇ ਇੰਟਰਨੈੱਟ, ਮੋਬਾਈਲ ਫੋਨ, ਫੇਸਬੁੱਕ, ਇੰਸਟਾਗ੍ਰਾਮ, ਕ੍ਰੈਡਿਟ-ਡੈਬਿਟ ਕਾਰਡ, ਬੈਂਕ ਕੇਵਾਈਸੀ ਨਾਲ ਸਬੰਧਤ ਫਰਾਡ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਗਾਹ ਕੀਤਾ। ਇਸ ਉਪਰੰਤ ਮੁੱਖ ਵਕਤਾ ਉਦੇ ਰੰਦੇਵ ਵਲੋਂ ਵਿਦਿਆਰਥੀਆਂ ਨੂੰ ਜੋਸ਼ ਤੇ ਹੋਸ਼ ਨਾਲ ਇਲੈਕਟਰਾਨਿਕ ਚੀਜ਼ਾਂ ਨੂੰ ਵਰਤਣ ਦੀ ਸਲਾਹ ਦਿੱਤੀ ਅਤੇ ਆਪਣੇ ਆਪ ਨੂੰ ਬੇਲੋੜੀਆਂ, ਲੁਭਾਉਣੀਆਂ, ਸਕੀਮਾਂ ਤੋਂ ਬਚਾਅ ਰੱਖਣ ਲਈ ਸਮਝਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਬੇਹੋਸ਼ੀ, ਗਲੇ ਅਤੇ ਸਾਹ ਨਾਲੀ ਵਿਚ ਬਾਹਰੀ ਵਸਤੁ ਫ਼ਸ ਜਾਣ, ਕਿਸੇ ਮਰੀਜ਼ ਨੂੰ ਕਿਸ ਤਰ੍ਹਾਂ ਚੱਕ ਕੇ ਸੁਰੱਖਿਅਤ ਥਾਂ ਅਤੇ ਹਸਪਤਾਲ ਪਹੁੰਚਾਇਆ ਜਾਂਦਾ ਹੈ ਦੀ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਨੂੰ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆ, ਸਮਝਿਆ ਅਤੇ ਕਰਕੇ ਵੀ ਦੇਖਿਆ। ਅੰਤ ਵਿੱਚ ਪ੍ਰਿੰਸੀਪਲ ਡਾਕਟਰ ਸੁਨੀਲ ਕੁਮਾਰ ਅਤੇ ਸਟਾਫ ਮੈਂਬਰਾਂ ਕੇਦਾਰ ਨਾਥ, ਸ਼ੁਭਮ ਦਿਓੜਾ ਵਲੋਂ ਆਏ ਵਕਤਾ ਅਤੇ ਵਿਸ਼ੇਸ਼ ਮਹਿਮਾਨਾਂ ਦਾ ਹੱਥ ਨਾਲ ਬਣਾਈਆਂ ਹੋਈਆਂ ਪੈਂਟਿੰਗ ਵਾਲੇ ਸਨਮਾਨਚਿੰਨਾ ਨਾਲ ਸਨਮਾਨ ਅਤੇ ਧੰਨਵਾਦ ਕੀਤਾ ਗਿਆ।
