ਕੋਟਕਪੂਰਾ, 2 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਅੰਦਰ ਜਿਸ ਦਿਨ ਤੋਂ ਭਾਜਪਾ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ, ਉਸ ਦਿਨ ਤੋਂ ਸਮੁੱਚੇ ਸੂਬੇ ਦੇ ਲੋਕਾਂ ਨੂੰ ਲਾਹੇਵੰਦ ਸਕੀਮਾਂ ਨਾਲ ਜੋੜ ਕੇ ਵਿੱਤੀ ਲਾਭ ਪਹੁੰਚਾਇਆ ਜਾ ਰਿਹਾ ਹੈ, ਜੋ ਕਿ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਇਹ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਮੀਤ ਪ੍ਰਧਾਨ ਰਾਜਨ ਨਾਰੰਗ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੇਂਦਰ ਸਰਕਾਰ ਦੀਆਂ ਸੈਂਕੜੇ ਸਕੀਮਾਂ ਹਨ, ਜਿਨ੍ਹਾਂ ਦਾ ਲਾਭ ਕਿਸਾਨਾਂ ਅਤੇ ਆਮ ਲੋਕਾਂ ਨੂੰ ਮਿਲ ਰਿਹਾ ਹੈ, ਜਿਹੜੀਆਂ ਪਾਰਟੀਆਂ ਆਪਣੀ ਰਾਜਸੀ ਰੋਟੀਆਂ ਸੇਕਣ ਲਈ ਕੇਂਦਰ ਸਰਕਾਰ ਦੀ ਨਿੰਦਾ ਕਰਦੀਆਂ ਰਹਿੰਦੀਆਂ ਹਨ, ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ 2027 ਵਿਧਾਨ ਸਭਾ ਚੋਣਾਂ ‘ਚ ਭਾਜਪਾ ਅਲੱਗ ਤੋਂ ਆਪਣੀ ਸਰਕਾਰ ਬਣਾਵੇਗੀ, ਕਿਉਂਕਿ ਪੰਜਾਬ ਦੇ ਲੋਕਾਂ ਨੇ ਹੋਰਨਾਂ ਪਾਰਟੀਆਂ ਦੀ ਕਾਰਗੁਜਾਰੀ ਦੇਖ ਲਈ ਹੈ। ਲਿਹਾਜ਼ਾ ਭਵਿੱਖ ‘ਚ ਸੂਬੇ ਅੰਦਰ ਭਾਜਪਾ ਦੀ ਸਰਕਾਰ ਬਣਨ ਉਪਰੰਤ ਸੂਬੇ ਅੰਦਰੋਂ ਬੇਰੋਜ਼ਗਾਰੀ ਖਤਮ ਕਰਨ ਦੇ ਨਾਲ-ਨਾਲ ਅਤੇ ਸੂਬੇ ਸਿਰ ਚੜ੍ਹੇ ਅਰਬਾਂ ਰੁਪਏ ਦੇ ਕਰਜ਼ੇ ਨੂੰ ਉਤਾਰਿਆ ਜਾਵੇਗਾ ਤਾਂ ਜੋ ਕਰਜ਼ੇ ਦਾ ਭਾਰ ਹਰ ਵਿਅਕਤੀ ਦੇ ਸਿਰ ਤੋਂ ਉਤਾਰਿਆ ਜਾ ਸਕੇ। ਰਾਜਨ ਨਾਰੰਗ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਭਾਜਪਾ ਨੂੰ ਮਜਬੂਤ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਜਾਵੇਗਾ ਤਾਂ ਜੋ ਬੂਥ ਪੱਧਰ ‘ਤੇ ਭਾਜਪਾ ਦਾ ਸੰਗਠਨ ਕਾਇਮ ਕੀਤਾ ਜਾ ਸਕੇ।
