ਚੰਡੀਗੜ੍ਹ 29 ਅਕਤੂਬਰ,( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਵੱਲੋਂ ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ ਸੈਕਟਰ-17 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਵੀ ਕੇਵਲਜੀਤ ਸਿੰਘ ਕੰਵਲ ਦੇ ਕਾਵਿ-ਸੰਗ੍ਰਹਿ ‘ਵਜ਼ੂਦ ਜ਼ਿੰਦਗੀ ਦਾ’ ਦਾ ਲੋਕ ਅਰਪਣ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਨੇ ਕੀਤੀ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਮਨਮੋਹਨ ਸਿੰਘ ਦਾਊਂ, ਗੁਰਦਰਸ਼ਨ ਸਿੰਘ ਮਾਵੀ, ਪ੍ਰਿੰ. ਬਹਾਦਰ ਸਿੰਘ ਗੋਸਲ, ਡਾ. ਰਜਿੰਦਰ ਰੇਨੂੰ ਅਤੇ ਪੁਸਤਕ ਦੇ ਲੇਖਕ ਕੇਵਲਜੀਤ ਸਿੰਘ ਕੰਵਲ ਸ਼ਾਮਲ ਹੋਏ। ਮੰਚ ਬਾਰੇ ਜਾਣ-ਪਛਾਣ ਅਤੇ ਸੰਚਾਲਨ ਭਗਤ ਰਾਮ ਰੰਗਾੜਾ ਨੇ ਕੀਤਾ। ਸਮਾਗਮ ਦੀ ਅਰੰਭਤਾ ਸੁਰਜੀਤ ਸਿੰਘ ਧੀਰ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਪੁਸਤਕ ਲੋਕ ਅਰਪਣ ਰਸਮ ਤੋਂ ਬਾਅਦ ਰਜਿੰਦਰ ਸਿੰਘ ਧੀਮਾਨ ਨੇ ਪੁਸਤਕ ਤੇ ਆਪਣਾ ਵਿਸਥਾਰ ਪੂਰਵਕ ਪਰਚਾ ਪੜ੍ਹਿਆ। ਦੀਪਕ ਸ਼ਰਮਾ ਚਨਾਰਥਲ ਅਤੇ ਰਾਜੀਵ ਗਰੋਵਰ ਫਿਰੋਜ਼ਪੁਰ ਜੋ ਕਿਸੇ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਵੱਲੋਂ ਭੇਜੇ ਗਏ ਪਰਚੇ ਮੰਚ ਸਕੱਤਰ ਰੰਗਾੜਾ ਵੱਲੋਂ ਪੜ੍ਹੇ ਗਏ। ਉਸ ਤੋਂ ਬਾਅਦ ਗੁਰਦਰਸ਼ਨ ਸਿੰਘ ਮਾਵੀ, ਬਹਾਦਰ ਸਿੰਘ ਗੋਸਲ, ਪਾਲ ਅਜਨਬੀ, ਬਾਬੂ ਰਾਮ ਦੀਵਾਨਾ ਅਤੇ ਡਾ. ਰਜਿੰਦਰ ਰੇਨੂੰ ਨੇ ਪੁਸਤਕ ਤੇ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਸ ਨੂੰ ਇੱਕ ਮਿਆਰੀ ਪੁਸਤਕ ਦੱਸਿਆ ਅਤੇ ਆਪਣੀ ਇੱਕ ਸਮਾਜਿਕ ਨਜ਼ਮ ਸੁਣਾਈ। ਜਸਪਾਲ ਸਿੰਘ ਦੇਸੂਵੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੁਸਤਕ ਜੀਵਨ ਦੇ ਨਿੱਜੀ, ਪਰਿਵਾਰਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਰਤਾਰਿਆਂ ਬਾਰੇ ਬਰੀਕੀ ਨਾਲ ਵਿਅੰਗ ਕਰਦੇ ਹੋਏ ਬਿਆਨ ਕਰਦੀ ਹੈ ਅਤੇ ਲੇਖਕ ਦੇ ਮਨੁੱਖਤਾ ਦੇ ਭਵਿੱਖ ਬਾਰੇ ਫ਼ਿਕਰਾਂ ਬਾਰੇ ਖੁਲਾਸਾ ਕਰਦੀ ਹੈ ਅਤੇ ਉਨ੍ਹਾਂ ਨੇ ਲੇਖਕ ਨੂੰ ਉਨ੍ਹਾਂ ਦੀ ਘਾਲਣਾ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ। ਰੰਗਾੜਾ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਕਿ ਬਹੁਤ ਵਧੀਆ ਪੁਸਤਕ ਹੈ ਜੋ ਘਰਾਂ ਅਤੇ ਲਾਇਬਰੇਰੀਆਂ ਵਿੱਚ ਸਾਂਭਣਯੋਗ ਹੈ। ਲੇਖਕ ਨੇ ਕਿਹਾ ਕਿ ਉਸ ਨੇ ਆਪਣੇ ਜੀਵਨ ਦੀ ਹਰ ਹਕੀਕਤ ਨੂੰ ਹੂ-ਬ-ਹੂ ਪੁਸਤਕ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਉਹ ਸੱਚ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ। ਮੰਚ ਵੱਲੋਂ ਲੇਖਕ ਨੂੰ ਸਿਰਪਾਓ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ।
ਉਪਰੰਤ ਹੋਏ ਕਵੀ ਦਰਬਾਰ ਵਿੱਚ ਬਲਵਿੰਦਰ ਸਿੰਘ ਢਿੱਲੋਂ, ਪਿਆਰਾ ਸਿੰਘ ਰਾਹੀ, ਪ੍ਰਤਾਪ ਪਾਰਸ ਗੁਰਦਾਸਪੁਰੀ, ਦਰਸ਼ਨ ਤਿਊਣਾ, ਜਗਤਾਰ ਸਿੰਘ ਜੋਗ, ਮਿੱਕੀ ਪਾਸੀ, ਮੰਦਰ ਗਿੱਲ, ਡਾ. ਮਨਜੀਤ ਸਿੰਘ ਬੱਲ, ਪਾਲ ਅਜਨਬੀ ਅਤੇ ਗੁਰਮਾਨ ਸੈਣੀ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬਿਖੇਰਿਆ। ਲੇਖਕ ਦੇ ਪਰਿਵਾਰ, ਰਾਜ ਕੁਮਾਰ ਸਾਹੋਵਾਲੀਆ, ਰਾਜਵਿੰਦਰ ਸਿੰਘ ਗੱਡੂ, ਹਰਵਿੰਦਰ ਕੌਰ, ਦਿਲਬਾਗ ਸਿੰਘ, ਨਵਨੀਤ ਭੁੱਲਰ, ਬਲਦੇਵ ਸਿੰਘ ਬਿੰਦਰਾ, ਕੁਲਵਿੰਦਰ ਕੌਰ, ਵੈਸ਼ਾਲੀ, ਸਰਬਜੀਤ ਸਿੰਘ, ਗੁਰਮੇਲ ਸਿੰਘ, ਰਾਜਿੰਦਰ ਕੌਰ, ਸੁਨੀਤਾ ਮਦਾਨ, ਹਰਮਿੰਦਰ ਕਾਲੜਾ, ਪਾਲ ਅਜਨਬੀ, ਅਤੇ ਰੰਜਨਾ ਅਗਰਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅੰਤ ਵਿੱਚ ਨੈਸ਼ਨਲ ਐਵਾਰਡੀ ਬਲਕਾਰ ਸਿੰਘ ਸਿੱਧੂ ਮੰਚ ਕੋਆਰਡੀਨੇਟਰ ਨੇ ਸਭ ਦਾ ਧੰਨਵਾਦ ਕੀਤਾ।
ਚਾਹ ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਹ ਪ੍ਰੋਗਰਾਮ ਸਦਾ ਲਈ ਆਪਣੀਆਂ ਅਮਿੱਟ ਪੈੜਾਂ ਛੱਡ ਗਿਆ।