ਅਕਸਰ ਖਬਰਾਂ ਵਿੱਚ ਕੈਂਸਰ ਮਰੀਜ਼ਾਂ ਦੇ ਵਧ ਰਹੇ ਅੰਕੜਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ। ਕੈਂਸਰ ਦਾ ਇਲਾਜ ਆਮ ਆਦਮੀ ਦੇ ਕਰਾਉਣ ਲਈ ਵਸ ਦੀ ਗੱਲ ਨਹੀਂ ਭਾਵੇਂ ਪੰਜਾਬ ਸਰਕਾਰ ਵੱਲੋਂ ਦਸ ਲੱਖ ਫਰੀ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਹੈ, ਇਹ ਮੁਫ਼ਤ ਇਲਾਜ ਪੀ ਜੀ ਆਈ ਚੰਡੀਗੜ੍ਹ ਲਈ ਵੀ ਹੋਵੇ ਕਿਉਂਕਿ ਗੰਭੀਰ ਬਿਮਾਰੀ ਲਈ ਮਰੀਜ਼ਾਂ ਨੂੰ ਉਥੇ ਜਾਣਾ ਪੈਂਦਾ ਹੈ। ਸਰਕਾਰ ਵੱਲੋਂ ਕੈਂਸਰ ਦੇ ਇਲਾਜ ਲਈ ਆਉਂਦੀਆਂ ਔਕੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਰੀਜ ਲਈ ਸਪੈਸ਼ਲ ਸਹੂਲਤਾਂ ਦੇਣ ਲਈ ਸੋਚਣਾ ਚਾਹੀਦਾ ਹੈ। ਮਰੀਜ਼ ਅਤੇ ਨਾਲ ਜਾਣ ਵਾਲੇ ਮੈਂਬਰ ਦਾ ਰੇਲ , ਬਸ ਦਾ ਕਿਰਾਇਆ ਮੁਆਫ਼ ਕਰਨਾ ਚਾਹੀਦਾ ਹੈ। ਦਵਾਈਆਂ ਦੇ ਰੇਟਾਂ ਉਪਰ ਕੰਟਰੋਲ ਹੋਣ ਦੇ ਨਾਲ ਸਬਸਿਡੀ ਵੀ ਦਿੱਤੀ ਜਾਣੀ ਚਾਹੀਦੀ ਹੈ। ਮੈਂ ਖੁਦ ਇਸ ਬਿਮਾਰੀ ਦਾ ਇਲਾਜ ਪੀ ਜੀ ਆਈ ਚੰਡੀਗੜ੍ਹ ਤੋਂ ਕਰਵਾ ਰਿਹਾ ਹਾਂ। ਮੈਨੂੰ ਪਤਾ ਹੈ ਕਿ ਇਹ ਇਲਾਜ ਕਰਵਾਉਣਾ ਹਰੇਕ ਮਰੀਜ਼ ਦੇ ਵਸ ਦੀ ਗੱਲ ਨਹੀਂ ਹੈ ਪੀ ਜੀ ਆਈ ਚੰਡੀਗੜ੍ਹ ਕੀਮੋਥੈਰੇਪੀ ਦੀ ਦਵਾਈ ਪਿਛਲੇ ਸਾਲ ਤੋਂ ਨਹੀਂ ਆ ਰਹੀ ਜੋ ਕਿ ਮੈਨੂੰ ਜਰਮਨੀ ਤੋਂ ਬਾਈ ਗੁਣਾਂ ਜ਼ਿਆਦਾ ਰੇਟ ਉਪਰ ਮੰਗਵਾਉਣੀ ਪੈ ਰਹੀ ਹੈ । ਇਸੇ ਤਰ੍ਹਾਂ ਟੈਸਟ ਦੀ ਦਵਾਈ ਉਪਲਬਧ ਨਾ ਹੋਣ ਕਾਰਨ ਕਈ ਗੁਣਾਂ ਵੱਧ ਰੇਟ ਤੇ ਬਾਹਰੋਂ ਕਰਵਾਉਣੇ ਪੈਂਦੇ ਹਨ। ਕੇਂਦਰ ਸਰਕਾਰ ਉਂਝ ਵਿਕਾਸ ਕਾਰਜਾਂ ਦੀਆਂ ਬਥੇਰੀਆਂ ਟਾਹਰਾਂ ਮਾਰਦੀ ਹੈ ਪਰ ਸਿਹਤ ਸੇਵਾਵਾਂ ਪਹਿਲਾਂ ਨਾਲੋਂ ਨਿਘਾਰ ਵੱਲ ਜਾਂਦੀਆਂ ਲਗਦੀਆਂ ਹਨ। ਨਾਭਾ ਸ਼ਹਿਰ ਅਤੇ ਆਲੇ ਦੁਆਲੇ ਪਿੰਡਾਂ ਵਿੱਚ ਮੇਰੇ ਕਈ ਦੋਸਤ ਅਤੇ ਜਾਣਕਾਰ ਕੈਂਸਰ ਦੇ ਮਰੀਜ਼ ਹਨ । ਸ਼ਾਇਦ ਸਿਹਤ ਵਿਭਾਗ ਪੰਜਾਬ ਕੋਲ ਕੋਈ ਠੋਸ ਗਿਣਤੀ ਨਹੀਂ ਹੋਣੀ ਕਿਉਂ ਕਿ ਮਰੀਜ਼ਾਂ ਦੀ ਪੁਸ਼ਟੀ ਲਈ ਡੋਰ ਟੂ ਡੋਰ ਕਦੇ ਕੋਈ ਸਰਵੇ ਨਹੀਂ ਹੋਇਆ ਜਿਸ ਨਾਲ ਅਸਲ ਗਿਣਤੀ ਸਾਹਮਣੇ ਆ ਸਕੇ। ਮੈਂ ਕ਼ਰੀਬ ਪੰਜ ਸਾਲਾਂ ਤੋਂ ਉੱਪਰ ਇਸ ਬਿਮਾਰੀ ਦਾ ਇਲਾਜ ਕਰਵਾ ਰਿਹਾ ਹਾਂ ਮੇਰੇ ਨਾਲ ਸਿਹਤ ਵਿਭਾਗ ਦਾ ਕੋਈ ਸਰਵੇ ਦੇ ਸਬੰਧ ਵਿੱਚ ਜਾਂ ਇਲਾਜ ਸਬੰਧੀ ਕੋਈ ਤਾਲ ਮੇਲ ਨਹੀਂ ਹੋਇਆ। ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਦੇਸ਼ੀ ਦਵਾਈਆਂ ਜਾਂ ਇਧਰੋਂ ਉਧਰੋਂ ਹੋ ਰਿਹਾ ਹੈ , ਜਿਨ੍ਹਾਂ ਦੀ ਰਿਪੋਰਟ ਸਰਕਾਰ ਕੋਲ ਨਹੀਂ ਹੁੰਦੀ। ਸਰਕਾਰ ਕਿਸ ਸ੍ਰੋਤ ਤੋਂ ਅੰਕੜਿਆਂ ਨੂੰ ਲੈਂਦੀ ਹੈ, ਇਹ ਅਨੁਮਾਨਤ ਹੀ ਹੋ ਸਕਦੇ ਹਨ। ਮਾਰਕੀਟ ਵਿੱਚ ਦਵਾਈਆਂ ਦੇ ਪਿ੍ੰਟ ਰੇਟਾਂ ਅਤੇ ਅਸਲ ਰੇਟਾਂ ਵਿੱਚ ਚਾਰ ਪੰਜ ਗੁਣਾ ਦਾ ਫ਼ਰਕ ਮਰੀਜ਼ਾਂ ਲਈ ਦੁਬਿਧਾ ਪੈਦਾ ਕਰਦਾ ਹੈ, ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਮਾਲਵਾ ਖੇਤਰ ਵਿਚ ਵਧੇਰੇ ਮਰੀਜ਼ਾਂ ਦਾ ਲਗਾਤਾਰ ਵਧਣਾ ਚਿੰਤਾ ਦਾ ਵਿਸ਼ਾ ਹੈ। ਇਸ ਦਾ ਕਾਰਨ ਕੋਈ ਇੱਕ ਨਹੀਂ ਸਗੋਂ ਅਨੇਕਾਂ ਹੋਣ ਕਰਕੇ ਵੱਡੇ ਪੱਧਰ ਤੇ ਸਰਕਾਰ ਨੂੰ ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਦੇ ਭਵਿੱਖ ਦੀ ਸਿਹਤਯਾਬੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
—- ਮੇਜਰ ਸਿੰਘ ਨਾਭਾ

