ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਹਿਤ ਅਤੇ ਕਲਾ ਨੂੰ ਸਮਰਪਿਤ ਮੰਚ ਸ਼ਬਦ-ਸਾਂਝ, ਕੋਟਕਪੂਰਾ ਵੱਲ਼ੋਂ ਕੈਲੀਫ਼ੋਰਨੀਆ ਤੋਂ ਨਵੇਂ ਪ੍ਰਕਾਸ਼ਿਤ ਹੋਏ ਪੰਜਾਬੀ ਰਸਾਲੇ “ਪੰਜਾਬੀਅਤ” ਦਾ ਪਹਿਲਾ ਅੰਕ ਲੋਕ-ਅਰਪਿਤ ਕੀਤਾ ਗਿਆ। ਇਸ ਰਿਲੀਜ਼-ਸਮਾਗਮ ਦੌਰਾਨ ਪਰਚੇ ਦੇ ਮੁੱਖ ਸੰਪਾਦਕ ਸੰਤੋਖ ਮਿਨਹਾਸ ਅਤੇ ਸੰਪਾਦਕ ਅਵਤਾਰ ਗੋਂਦਾਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਅਤੇ ਜਨਰਲ ਸਕੱਤਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਗਲੋਬਲ ਪੰਜਾਬੀ ਪਬਲੀਕੇਸ਼ਨ, ਸੈਂਟਰਲ ਵੈਲੀ, ਕੈਲੀਫ਼ੋਰਨੀਆ ਵੱਲੋਂ ਪੰਜਾਬੀ ਦੇ ਬਹੁਤ ਹੀ ਖ਼ੂਬਸੂਰਤ ਮੈਗਜੀਨ “ਪੰਜਾਬੀਅਤ” ਨੂੰ ਛਾਪਣਾ ਸ਼ੁਰੂ ਕੀਤਾ ਗਿਆ ਹੈ। ਪ੍ਰਸਿੱਧ ਸ਼ਾਇਰ ਸੰਤੋਖ ਮਿਨਹਾਸ ਅਤੇ ਤਰਕਸ਼ੀਲ ਆਗੂ ਤੇ ਲੇਖਕ ਅਵਤਾਰ ਗੋਂਦਾਰਾ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਏ ਇਸ ਮੈਗਜ਼ੀਨ ਦੀ ਦਿੱਖ ਅਤੇ ਮਿਆਰ ਖ਼ੂਬਸੂਰਤ ਅਤੇ ਉੱਚ ਪਾਏ ਦਾ ਹੈ। ਇਸ ਪਹਿਲੇ ਅੰਕ ਦੇ ਲੋਕ-ਅਰਪਿਤ ਸਮਾਗਮ ਵਿੱਚ ਪ੍ਰੋ ਕੁਲਵੰਤ ਔਜਲਾ, ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਸ਼ਾਇਰ ਮਨਜੀਤ ਪੁਰੀ, ਪ੍ਰਸਿੱਧ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ ਅਤੇ ਨਾਵਲਕਾਰ ਜੀਤ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਤੋਖ ਮਿਨਹਾਸ ਅਤੇ ਅਵਤਾਰ ਗੋਂਦਾਰਾ ਨੇ ਮੈਗਜ਼ੀਨ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੇਸ਼ੱਕ ਪੰਜਾਬੀ ਅੱਜ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਲੱਗਭੱਗ 15 ਕਰੋੜ ਲੋਕਾਂ ਵੱਲੋਂ ਬੋਲੀ ਜਾਂਦੀ ਹੈ ਪਰ ਇਸ ਭਾਸ਼ਾ ਦੇ ਫੈਲਾਅ ਦੇ ਨਾਲ-ਨਾਲ ਇਸ ਨੂੰ ਕਈ ਚੁਣੌਤੀਆਂ ਅਤੇ ਮੁਸ਼ਕਿਲਾਂ ਵੀ ਪੇਸ਼ ਆ ਰਹੀਆਂ ਹਨ। ਪੰਜਾਬੀਅਤ ਵਿਗਸ ਰਹੀ ਹੈ ਅਤੇ ਪੰਜਾਬ ਸੁੰਗੜਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਪੰਜਾਬੀ ਦੇ ਮਿਆਰੀ ਸਾਹਿਤ ਨੂੰ ਦੁਨੀਆ ‘ਚ ਵੱਸਦੇ ਹਰ ਪੰਜਾਬੀ ਤੱਕ ਪਹੁੰਚਾਉਣ ਦੀ ਬੇਹੱਦ ਜ਼ਰੂਰਤ ਹੈ। ਇਸੇ ਮਕਸਦ ਨੂੰ ਮੁੱਖ ਰੱਖਦਿਆਂ ਉਹਨਾਂ ਦੀ ਟੀਮ ਵੱਲੋਂ ਇਹ ਮੈਗਜ਼ੀਨ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਗਿਆ ਹੈ। ਭਾਰਤ ਵਿੱਚ ਇਸ ਪਰਚੇ ਦੇ ਪ੍ਰਬੰਧਕ ਜਸਵੰਤ ਜਸ ਹੋਣਗੇ। ਸ਼੍ਰੀ ਮਨਜੀਤ ਪੁਰੀ ਅਤੇ ਸੁਰਿੰਦਰਪ੍ਰੀਤ ਘਣੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਵਿੱਚ ਅਜਿਹੇ ਮਿਆਰੀ ਮੈਗਜ਼ੀਨ ਦੀ ਬੇਹੱਦ ਲੋੜ ਹੈ। ਇਸ ਨਾਲ ਪੰਜਾਬੀ ਦੇ ਸਮਰੱਥ ਸਾਹਿਤਕਾਰਾਂ ਤੋਂ ਇਲਾਵਾ ਨੌਜਵਾਨ ਲੇਖਕਾਂ ਨੂੰ ਵੀ ਹੋਰ ਵਧੇਰੇ ਚੰਗਾ ਲਿਖਣ ਅਤੇ ਰਚਨਾਵਾਂ ਨੂੰ ਛਪਵਾਉਣ ਦਾ ਮੌਕਾ ਮਿਲੇਗਾ। ਪ੍ਰੋ ਕੁਲਵੰਤ ਔਜਲਾ ਨੇ ਪਰਚੇ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਮੈਗਜ਼ੀਨ ਪੰਜਾਬੀ, ਪੰਜਾਬੀਅਤ ਅਤੇ ਸਾਹਿਤ ਦੇ ਵਿਕਾਸ ਵਿੱਚ ਜ਼ਿਕਰਯੋਗ ਵਾਧਾ ਕਰੇਗਾ। ਇਸ ਮੌਕੇ ਬੀਪੀਈਓ ਸੁਰਜੀਤ ਸਿੰਘ ਨੇ ਵੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ । ਇਸ ਤੋਂ ਇਲਾਵਾ ਇਸ ਸਮਾਗਮ ਦੌਰਾਨ ਇਲਾਕੇ ਦੀਆਂ ਬਹੁਤ ਸਾਰੀਆਂ ਨਾਮਵਰ ਸ਼ਖਸ਼ੀਅਤਾਂ, ਕਵੀ, ਲੇਖਕ, ਪੱਤਰਕਾਰ ਅਤੇ ਕਲਾਕਾਰ ਵੀ ਇਸ ਮੌਕੇ ਹਾਜ਼ਰ ਸਨ। ਮੰਚ-ਸੰਚਾਲਨ ਪ੍ਰੀਤ ਭਗਵਾਨ ਸਿੰਘ ਨੇ ਬਖੂਬੀ ਨਿਭਾਇਆ।
