ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੈਤੋ-ਕੋਟਕਪੂਰਾ ਮੁੱਖ ਸੜਕ ’ਤੇ ਧਰਨਾ ਲਾ ਕੇ ਪਿੰਡ ਮੱਤਾ ਦੇ ਵਸਨੀਕਾਂ ਨੇ ‘ਆਪ’ ਵਿਧਾਇਕ ਅਮੋਲਕ ਸਿੰਘ ਜੈਤੋ ’ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਅਤੇ ਨਾਹਰੇਬਾਜੀ ਕਰਦਿਆਂ ਆਖਿਆ ਕਿ ਪਿੰਡ ਮੱਤਾ ਦੇ ਹਰਜਿੰਦਰ ਸਿੰਘ ਪੁੱਤਰ ਸਾਧੂ ਸਿੰਘ ਨੇ ਸਰਪੰਚੀ ਅਤੇ ਤਿੰਨ ਜਣਿਆਂ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ ਭਰੇ ਸਨ, ਜਿੰਨਾਂ ਦੇ ਇਹ ਕਾਗਜ ਰੱਦ ਕਰ ਦਿੱਤੇ ਗਏ, ਜਿਸ ਕਰਕੇ ਉਹ ਧਰਨਾ ਲਾਉਣ ਲਈ ਮਜਬੂਰ ਹੋਏ। ਧਰਨਾਕਾਰੀ ਉਕਤ ਕਾਗਜ ਰੱਦ ਕਰਨ ਵਿਚ ਵਿਧਾਇਕ ਦੀ ਸ਼ਹਿ ਦੱਸ ਰਹੇ ਹਨ। ਧਰਨਾਕਾਰੀਆਂ ਨੇ ਕਿਹਾ ਕਿ ਜਿੰਨਾਂ ਚਿਰ ਹਰਜਿੰਦਰ ਸਿੰਘ ਦੇ ਰੱਦ ਕੀਤੇ ਦਸਤਾਵੇਜਾਂ ਨੂੰ ਠੀਕ ਨਹੀਂ ਕੀਤਾ ਜਾਂਦਾ ਜਾਂ ਪਿੰਡ ਦੀ ਚੋਣ ਨੂੰ ਰੱਦ ਕਰਵਾਉਣ ਤੱਕ ਇਹ ਧਰਨਾ ਨਿਰੰਤਰ ਜਾਰੀ ਰੱਖਿਆ ਜਾਵੇਗਾ। ਧਰਨੇ ਦੀ ਸੂਚਨਾ ਮਿਲਦਿਆਂ ਹੀ ਐਸ.ਡੀ.ਐਮ. ਜੈਤੋ, ਡੀ.ਐਸ.ਪੀ. ਜੈਤੋ ਅਤੇ ਥਾਣਾ ਜੈਤੋ ਦੇ ਐਸ.ਐਚ.ਓ. ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾ ਨੂੰ ਸ਼ਾਂਤ ਕਰਨ ਦੀਆਂ ਕੌਸ਼ਿਸ਼ਾਂ ਅਸਫਲ ਰਹੀਆਂ ਤੇ ਧਰਨਾਕਾਰੀ ਆਪਣੀ ਮੰਗ ’ਤੇ ਅੜੇ ਹੋਏ ਸਨ। ਇਸ ਧਰਨੇ ਵਿਚ ਵੱਖ-ਵੱਖ ਪਿੰਡਾਂ ਦੇ ਹੋਰ ਲੋਕ ਵੀ ਮੌਜੂਦ ਸਨ। ਜਦ ਉਕਤ ਸਬੰਧ ਵਿੱਚ ਵਿਧਾਇਕ ਅਮੋਲਕ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਿਸੇ ਵੀ ਪਿੰਡ ਜਾਂ ਕੋਠਿਆਂ ਦੇ ਸਰਪੰਚੀ ਅਤੇ ਪੰਚ ਦੇ ਉਮੀਦਵਾਰ ਦੇ ਕਾਗਜ ਨੂੰ ਸਹੀ ਰੱਖਣ ਜਾਂ ਰੱਦ ਕਰਨ ਦਾ ਅਧਿਕਾਰ ਚੋਣ ਅਧਿਕਾਰੀ ਕੋਲ ਹੀ ਹੁੰਦਾ ਹੈ, ਇਸ ਲਈ ਆਮ ਆਦਮੀ ਪਾਰਟੀ ਨਿਰਪੱਖ ਚੋਣਾ ਕਰਵਾਉਣ ਵਿੱਚ ਵਿਸ਼ਵਾਸ਼ ਰੱਖਦੀ ਹੈ।