ਪੁਲਿਸ ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਭਾਲ ਕਰਨ ਵਿੱਚ ਜੁਟੀ
ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੁਲਿਸ ਪ੍ਰਸ਼ਾਸ਼ਨ ਦੇ ਚੋਰਾਂ ਅਤੇ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਦੇ ਦਾਅਵਿਆਂ ਦੇ ਬਾਵਜੂਦ ਅੱਜ ਸਵੇਰ ਸਮੇਂ ਸਥਾਨਕ ਮੋਗਾ ਸੜਕ ’ਤੇ ਸਥਿੱਤ ਬੱਸ ਅੱਡੇ ’ਤੇ ਸਵੇਰੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਇੱਕ ਔਰਤ ਕੋਲੋਂ ਉਸ ਦਾ ਬੈਗ ਖੋਹ ਲਿਆ, ਜਿਸ ਵਿੱਚ ਲਗਭਗ 6 ਲੱਖ ਰੁਪਏ ਦੀ ਨਗਦੀ ਅਤੇ ਹੋਰ ਜਰੂਰੀ ਦਸਤਾਵੇਜ਼ ਸਨ। ਸੁਨੀਤਾ ਅਰੋੜਾ ਨਾਮ ਦੀ ਵਿਆਹੁਤਾ ਔਰਤ ਨੇ ਲੁਟੇਰਿਆਂ ਦਾ ਵਿਰੋਧ ਕਰਦਿਆਂ ਬੈਗ ਦੀਆਂ ਤਣੀਆਂ ਘੁੱਟ ਕੇ ਫੜ ਲਈਆਂ ਪਰ ਔਰਤ ਹੱਥ ਸਿਰਫ ਤਣੀਆਂ ਹੀ ਰਹਿ ਗਈਆਂ ਤੇ ਲੁਟੇਰੇ ਬੈਗ ਖੋਹ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਤੋਂ ਸੇਵਾਮੁਕਤ ਮੈਨੇਜਰ ਵਿਜੇ ਅਰੋੜਾ ਆਪਣੀ ਪਤਨੀ ਨਾਲ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਦਵਾਈ ਲੈਣ ਚੱਲੇ ਸਨ, ਬਾਅਦ ਵਿੱਚ ਉਨ੍ਹਾਂ ਪਟਿਆਲਾ ਵਿੱਚ ਮਕਾਨ ਦੀ ਰਜਿਸਟਰੀ ਵੀ ਕਰਵਾਉਣੀ ਸੀ। ਉਥੇ ਜਾਣ ਲਈ ਉਹ ਸਵੇਰੇ ਕੋਟਕਪੂਰਾ ਦੇ ਬੱਸ ਸਟੈਂਡ ਪਹੁੰਚੇ। ਵਿਜੇ ਅਰੋੜਾ ਆਪਣੀ ਪਤਨੀ ਨੂੰ ਬੱਸ ਅੱਡੇ ਦੇ ਬਾਹਰ ਛੱਡ ਕੇ ਸਕੂਟਰ ਨੂੰ ਪਾਰਕਿੰਗ ਵਿੱਚ ਲਾਉਣ ਚਲਾ ਗਿਆ। ਇਸੇ ਦੌਰਾਨ ਸ਼ਹਿਰ ਵਾਲੇ ਪਾਸੇ ਤੋਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਹ ਪੈਸਿਆਂ ਵਾਲਾ ਪਰਸ ਖੋਹ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲੀਸ ਬੱਸ ਸਟੈਂਡ ਸਮੇਤ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।